ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 'ਮਿਸ਼ਨ ਪੰਜਾਬ' ਤਹਿਤ ਅੱਜ ਚੰਡੀਗੜ੍ਹ ਪੁੱਜੇ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਇਸ ਦੇ ਨਾਲ ਹੀ ਦੂਜਾ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਿੰਨੇ ਪੁਰਾਣੇ ਬਿੱਲ ਹਨ, ਸਾਰੇ ਮੁਆਫ਼ ਕੀਤੇ ਜਾਣਗੇ ਅਤੇ ਕੱਟੇ ਹੋਏ ਸਾਰੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਮਹੀਨੇ ਸ਼ੁਰੂ ਹੋਣਗੀਆਂ ਆਨਲਾਈਨ ਪ੍ਰੀਖਿਆਵਾਂ
ਤੀਜਾ ਵੱਡਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ 24 ਘੰਟੇ ਬਿਜਲੀ ਦਿੱਤੀ ਜਾਵੇਗੀ ਪਰ ਇਸ 'ਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਦਿੱਲੀ 'ਚ ਵੀ 2-3 ਸਾਲ ਲੱਗੇ ਸਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਬਿਜਲੀ ਬਣਦੀ ਹੈ ਪਰ ਇਸ ਦੇ ਬਾਵਜੂਦ ਵੀ ਦੇਸ਼ 'ਚੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਅੰਦਰ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਅਸੀਂ ਦੂਜੇ ਸੂਬਿਆਂ ਤੋਂ ਬਿਜਲੀ ਖ਼ਰੀਦਦੇ ਹਾਂ ਪਰ ਫਿਰ ਵੀ ਸਭ ਤੋਂ ਸਸਤੀ ਬਿਜਲੀ ਦਿੱਲੀ 'ਚ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਮਹੀਨੇ ਸ਼ੁਰੂ ਹੋਣਗੀਆਂ ਆਨਲਾਈਨ ਪ੍ਰੀਖਿਆਵਾਂ
ਪੰਜਾਬ 'ਚ ਮਹਿੰਗੀ ਬਿਜਲੀ ਦਾ ਦੱਸਿਆ ਕਾਰਨ
ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪੰਜਾਬ 'ਚ ਬਿਜਲੀ ਇਸ ਲਈ ਮਹਿੰਗੀ ਹੈ ਕਿਉਂਕਿ ਬਿਜਲੀ ਕੰਪਨੀਆਂ ਅਤੇ ਸੂਬਾ ਸਰਕਾਰ 'ਚ ਗੰਢ-ਤੁੱਪ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਸੂਬੇ 'ਚ ਆਉਣ 'ਤੇ ਬਿਜਲੀ ਕੰਪਨੀਆਂ ਨਾਲ ਇਸ ਗੰਢ-ਤੁੱਪ ਨੂੰ ਖ਼ਤਮ ਕੀਤਾ ਜਾਵੇਗਾ ਤਾਂ ਹੀ ਦਿੱਲੀ ਵਾਂਗ ਪੰਜਾਬ 'ਚ ਬਿਜਲੀ ਸਸਤੀ ਹੋ ਸਕੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਗੰਭੀਰ ਬਿਜਲੀ ਸੰਕਟ ਦੌਰਾਨ 'ਪਾਵਰਕਾਮ' ਨੂੰ ਮਿਲੀ ਵੱਡੀ ਰਾਹਤ
ਦਿੱਲੀ ਵਾਂਗ ਪੰਜਾਬ 'ਚ ਵੀ ਸਭ ਕੁੱਝ ਕਰਕੇ ਦਿਖਾਵਾਂਗੇ : ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਰੇਤ ਮਾਫ਼ੀਆ, ਸ਼ਰਾਬ ਮਾਫੀਆ ਅਤੇ ਹੋਰ ਚੱਲ ਰਹੇ ਸਾਰੇ ਮਾਫ਼ੀਆ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦਿੱਲੀ ਦੀ ਤਰ੍ਹਾਂ ਹੀ ਈਮਾਨਦਾਰ ਸਰਕਾਰ ਆਵੇਗੀ। ਕੇਜਰੀਵਾਲ ਨੇ ਕਿਹਾ ਕਿ ਉਹ ਹਵਾ 'ਚ ਗੱਲਾਂ ਨਹੀਂ ਕਰਦੇ, ਸਗੋਂ ਸੂਬੇ ਦੇ ਲੋਕਾਂ ਨੂੰ ਗਾਰੰਟੀ ਦਿੰਦੇ ਹਨ ਕਿ ਦਿੱਲੀ ਦੀ ਤਰਜ਼ 'ਤੇ ਪੰਜਾਬ ਦਾ ਵੀ ਹਰ ਪੱਖੋਂ ਸੁਧਾਰ ਕੀਤਾ ਜਾਵੇਗਾ। ਅਖ਼ੀਰ 'ਚ ਬੇਅਦਬੀ ਮਾਮਲਿਆਂ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਬੇਅਦਬੀ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਿਸਾਨਾਂ ਨੇ ਜਾਮ ਕੀਤਾ ਫਗਵਾੜਾ ਹਾਈਵੇ, ਲੱਗਿਆ ਭਾਰੀ ਜਾਮ
NEXT STORY