ਜਲੰਧਰ (ਧਵਨ)–ਪਿਛਲੇ ਕੁਝ ਦਿਨਾਂ ਤੋਂ ਪੰਜਾਬ ’ਚ ਡਿਪਟੀ ਸੀ. ਐੱਮ. ਬਣਾਉਣ ਦੀਆਂ ਚੱਲ ਰਹੀਆਂ ਅਟਕਲਾਂ ’ਤੇ ਅੱਜ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਤੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਆਸ਼ਾ ਕੁਮਾਰੀ ਨੇ ਪੂਰੀ ਤਰ੍ਹਾਂ ਨਾਲ ਵਿਰਾਮ ਲਾ ਦਿੱਤਾ ਹੈ। ਉਨ੍ਹਾਂ ਅੱਜ ਕਿਹਾ ਕਿ ਪੰਜਾਬ ’ਚ ਡਿਪਟੀ ਸੀ. ਐੱਮ. ਬਣਾਉਣ ਦੇ ਮਾਮਲੇ ਨੂੰ ਲੈ ਕੇ ਅਜੇ ਤੱਕ ਕਾਂਗਰਸ ਹਾਈਕਮਾਨ ਨਾਲ ਕੋਈ ਚਰਚਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਇਸ ਵਿਸ਼ੇ ’ਤੇ ਕਾਂਗਰਸ ਲੀਡਰਸ਼ਿਪ ਵਲੋਂ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਹੈ ਨਾ ਹੀ ਪੰਜਾਬ ’ਚ ਅਜੇ ਫਿਲਹਾਲ ਕੋਈ ਅਜਿਹਾ ਪ੍ਰਸਤਾਵ ਵਿਚਾਰ ਅਧੀਨ ਹੈ।
ਦੂਜੇ ਪਾਸੇ ਪੰਜਾਬ ਮੰਤਰੀ ਮੰਡਲ ’ਚ ਖਾਲੀ ਪਏ ਇਕ ਮੰਤਰੀ ਦੇ ਅਹੁਦੇ ਨੂੰ ਭਰਨ ਦੀਆਂ ਚਰਚਾ ਨੂੰ ਦੇਖਦੇ ਹੋਏ ਮੰਤਰੀ ਅਹੁਦਾ ਹਾਸਲ ਕਰਨ ਲਈ ਕਈ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੀ ਲਾਬਿੰਗ ਤੇਜ਼ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਚਾਹਵਾਨ ਵਿਧਾਇਕ ਪਿਛਲੇ 2-3 ਦਿਨਾਂ ਤੋਂ ਮੁੱਖ ਮੰਤਰੀ ਦੇ ਆਲੇ-ਦੁਆਲੇ ਘੁੰਮਦੇ ਦੇਖੇ ਜਾ ਰਹੇ ਹਨ। ਕੁਝ ਨੇ ਤਾਂ ਕੈਪਟਨ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਮੰਤਰੀ ਅਹੁਦੇ ’ਤੇ ਆਪਣਾ ਦਾਅਵਾ ਜਤਾਇਆ ਹੈ।
ਦੂਜੇ ਪਾਸੇ ਜਿਸ ਤਰ੍ਹਾਂ ਨਾਲ ਕੁਝ ਮੰਤਰੀਆਂ ਦੇ ਵਿਭਾਗ ਬਦਲਣ ਦੀ ਚਰਚਾ ਚੱਲ ਰਹੀ ਸੀ, ਉਸ ਨੂੰ ਦੇਖਦੇ ਹੋਏ ਵੀ ਕਈ ਮੰਤਰੀ ਚੰਗੇ ਵਿਭਾਗ ਹਾਸਲ ਕਰਨ ਲਈ ਮੁੱਖ ਮੰਤਰੀ ਦੇ ਆਸਪਾਸ ਦੇਖੇ ਗਏ ਹਨ। ਕੁਝ ਮੰਤਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਦਰਬਾਰ ਤੱਕ ਚਰਚਾ ਕੀਤੀ ਹੈ ਪਰ ਮੰਤਰੀਆਂ ਨੂੰ ਵਿਭਾਗ ਵੰਡਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ, ਇਸ ਲਈ ਚੰਗੇ ਵਿਭਾਗ ਲੈਣ ਦੇ ਚਾਹਵਾਨ ਮੰਤਰੀ ਹੁਣ ਇਸ ਕੋਸ਼ਿਸ਼ ’ਚ ਹਨ ਕਿ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਆਖਰੀ ਫੇਰਬਦਲ ’ਚ ਉਹ ਚੰਗਾ ਵਿਭਾਗ ਹਾਸਲ ਕਰ ਸਕਣ। ਦੂਜੇ ਪਾਸੇ ਕੈਪਟਨ ਨੇ ਇਸ ਸਬੰਧ ’ਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਬੇਰੋਜ਼ਗਾਰ ਅਧਿਆਪਕਾਂ ਨੇ ਵਿੱਤ ਮੰਤਰੀ ਦਫ਼ਤਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ
NEXT STORY