ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੁਣੇ ਜਿਹੇ ਪੰਜਾਬ ਦੇ ਕਰਤਾਰਪੁਰ ਖੇਤਰ ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਨੂੰ ਜੰਮੂ ਰੀਜਨ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਹੈ। ਬਲਕਾਰ ਸਿੰਘ ਜੋ ਪੰਜਾਬ ਪੁਲਸ ਵਿਚ ਡੀ. ਸੀ. ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਨੇ ਪਹਿਲੀ ਵਾਰ ਕਰਤਾਰਪੁਰ ਤੋਂ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਹੁਣ ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜੰਮੂ ਖੇਤਰ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਜੰਮੂ ਰੀਜਨ ਦਾ ਦੌਰਾ ਕਰ ਕੇ ਪਰਤੇ ਹਨ। ਉਨ੍ਹਾਂ ਨੂੰ ‘ਆਪ’ ਦੀਆਂ ਤਿਆਰੀਆਂ ਸਬੰਧੀ 5 ਸਵਾਲ ਪੁੱਛੇ ਗਏ–
ਸਵਾਲ–ਜੰਮੂ ਰੀਜਨ ’ਚ ਆਮ ਆਦਮੀ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ–ਜੰਮੂ ਰੀਜਨ ਵਿਚ ਵਿਧਾਨ ਸਭਾ ਚੋਣਾਂ ਪਹਿਲੀ ਵਾਰ ਹੋਣੀਆਂ ਹਨ। ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ 43 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਕੁਲ 10 ਜ਼ਿਲੇ ਇਨ੍ਹਾਂ ਸੀਟਾਂ ਅਧੀਨ ਆਉਂਦੇ ਹਨ ਜਿੱਥੇ ਆਉਣ ਵਾਲੇ ਸਮੇਂ ਵਿਚ ਉਹ ‘ਆਪ’ ਦੇ ਵਾਲੰਟੀਅਰਸ ਨਾਲ ਬੈਠਕਾਂ ਕਰਨਗੇ। ਪਾਰਟੀ ਸੰਗਠਨ ਨੂੰ ਮਜ਼ਬੂਤੀ ਦੇਣ ਲਈ ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜੰਮੂ ਰੀਜਨ ਦੇ ਦੌਰਿਆਂ ’ਤੇ ਆਉਣਗੇ ਜਿਸ ਨਾਲ ਵਾਲੰਟੀਅਰਸ ਵਿਚ ਜੋਸ਼ ਪੈਦਾ ਹੋਵੇਗਾ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਸਵਾਲ–ਜੰਮੂ ਰੀਜਨ ’ਚ ਕਿਸ ਤਰ੍ਹਾਂ ਦੇ ਮੁੱਦੇ ਹਾਵੀ ਰਹਿਣਗੇ?
ਜਵਾਬ–ਜੰਮੂ ਰੀਜਨ ਵਿਚ ਅੱਤਵਾਦ ਦਾ ਮੁੱਦਾ ਅੱਜ ਵੀ ਹਾਵੀ ਹੈ। ਅੱਤਵਾਦ ਅਜੇ ਖਤਮ ਨਹੀਂ ਹੋਇਆ। ਲੋਕਾਂ ਦਾ ਪਿਛਲੇ ਕੁਝ ਸਾਲਾਂ ਦੌਰਾਨ ਭਾਰੀ ਨੁਕਸਾਨ ਹੋਇਆ ਹੈ। ਲੋਕ ਸੂਬੇ ਵਿਚ ਪੰਜਾਬ ਵਾਂਗ ਅਮਨ ਤੇ ਸ਼ਾਂਤੀ ਚਾਹੁੰਦੇ ਹਨ ਅਤੇ ਖੂਨ-ਖਰਾਬੇ ਤੋਂ ਤੰਗ ਆ ਚੁੱਕੇ ਹਨ।
ਸਵਾਲ–ਜੰਮੂ ਰੀਜਨ ’ਚ ਹੋਰ ਕਿਹੜੇ ਮੁੱਦੇ ਅਸਰਦਾਰ ਹਨ?
ਜਵਾਬ–ਜੰਮੂ ਰੀਜਨ ਵਿਚ ਪ੍ਰਾਪਰਟੀ ਟੈਕਸ ਦਾ ਮਾਮਲਾ ਅੱਜਕੱਲ ਕਾਫ਼ੀ ਗਰਮਾਇਆ ਹੋਇਆ ਹੈ। ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਹਾਂ ਕਿ ਪ੍ਰਾਪਰਟੀ ਟੈਕਸ ਤੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਛੁਟਕਾਰਾ ਦਿਵਾਏਗੀ। ਇਸ ਰੀਜਨ ਵਿਚ ਵਿਕਾਸ ਦੇ ਕਾਰਜ ਰੁਕੇ ਪਏ ਹਨ।
ਸਵਾਲ–ਕੀ ਦਿੱਲੀ ਵਾਂਗ ਹੀ ਜੰਮੂ ਰੀਜਨ ਵਿਚ ਵੀ ਰਿਮੋਟ ਕੰਟਰੋਲ ਨਾਲ ਪ੍ਰਸ਼ਾਸਨ ਚਲਾਇਆ ਜਾ ਰਿਹਾ ਹੈ?
ਜਵਾਬ–ਇਹ ਸਹੀ ਹੈ ਕਿ ਜਿਸ ਤਰ੍ਹਾਂ ਦਿੱਲੀ ਵਿਚ ਲੈਫਟੀਨੈਂਟ ਗਵਰਨਰ ਕੇਜਰੀਵਾਲ ਸਰਕਾਰ ਉੱਪਰ ਬਿਠਾਇਆ ਗਿਆ ਹੈ, ਉਸੇ ਤਰ੍ਹਾਂ ਜੰਮੂ ਰੀਜਨ ਵਿਚ ਵੀ ਲੈਫਟੀਨੈਂਟ ਗਵਰਨਰ ਹੀ ਪ੍ਰਸ਼ਾਸਨ ਤੇ ਸਰਕਾਰ ਦਾ ਕੰਮਕਾਜ ਵੇਖ ਰਹੇ ਹਨ। ਕੇਂਦਰ ਸਰਕਾਰ ਨੂੰ ਜੰਮੂ ਰੀਜਨ ਵਿਚ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਜਨਤਾ ਨੂੰ ਉਸ ਦੀ ਅਸਲੀ ਸ਼ਕਤੀ ਸੌਂਪੀ ਜਾਣੀ ਚਾਹੀਦੀ ਹੈ।
ਸਵਾਲ–ਕੀ ਜੰਮੂ ਵਿਚ ਪੰਜਾਬ ਵਾਂਗ ਬਦਲਾਅ ਆ ਸਕੇਗਾ?
ਜਵਾਬ–ਜੰਮੂ ਦੇ ਲੋਕਾਂ ਵਿਚ ਬਦਲਾਅ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ‘ਆਪ’ ਨੇ ਜਨਤਾ ਵਿਚ ਬਦਲਾਅ ਦਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਦੌਰੇ ਸ਼ੁਰੂ ਹੋਣਗੇ ਤਾਂ ਬਦਲਾਅ ਦਾ ਸੁਨੇਹਾ ਜ਼ਮੀਨੀ ਪੱਧਰ ਤਕ ਚਲਾ ਜਾਵੇਗਾ। ਕਾਂਗਰਸ ਜੰਮੂ ਰੀਜਨ ਵਿਚ ਕਮਜ਼ੋਰ ਹੈ ਅਤੇ ਭਾਜਪਾ ਦਾ ਬਦਲ ਸਿਰਫ ਆਮ ਆਦਮੀ ਪਾਰਟੀ ਹੀ ਬਣ ਸਕਦੀ ਹੈ।
ਇਹ ਵੀ ਪੜ੍ਹੋ : ਐਨ.ਓ.ਸੀ. ਦੇਣ ਬਦਲੇ 8,000 ਰੁਪਏ ਰਿਸ਼ਵਤ ਲੈਂਦਾ ਕਲਰਕ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ
NEXT STORY