ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਲੰਘੀਂ ਰਾਤ ਨਿਹਾਲ ਸਿੰਘ ਵਾਲਾ ਸ਼ਹਿਰ ਅੰਦਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 20-25 ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਵਿਚ ਰੇਹੜੀ ਅਤੇ ਫਰੂਟਾਂ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ। ਇਸ ਮੌਕੇ ਡਾਂਗਾਂ, ਸੋਟਿਆਂ, ਕ੍ਰਿਪਾਨਾਂ ਦੀ ਖੁੱਲ੍ਹ ਕੇ ਵਰਤੋਂ ਹੋਈ ਅਤੇ ਗੋਲੀਆਂ ਵੀ ਚੱਲੀਆਂ, ਵਾਰਦਾਤ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਦਕਿ ਇਕ ਵਿਅਕਤੀ ਗੋਲ਼ੀ ਲੱਗਣ ਨਾਲ ਗੰਭੀਰ ਜ਼ਖਮੀ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਮੌਕੇ ਦੇ ਗਵਾਹ ਪ੍ਰਵਾਸੀ ਮਜ਼ਦੂਰ ਮਨੋਜ ਅਤੇ ਅਨੰਦ ਨੇ ਦੱਸਿਆ ਕਿ ਰਾਤ 20-25 ਦੇ ਕਰੀਬ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਮਾਰੂ ਹਥਿਆਰ ਸਨ ਨੇ ਸਾਡੇ ਸਾਥੀਆਂ 'ਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਬਿਰਜੂ ਪੁੱਤਰ ਬ੍ਰਹਮ ਲਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ। ਜ਼ਖਮੀ ਬਿਰਜੂ ਦੀ ਪਤਨੀ ਰਾਜ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਦੇ ਗੋਲ਼ੀ ਲੱਗੀ ਹੈ ਅਤੇ ਉਸਦੇ ਲੜਕੇ ਦੇ ਗੰਭੀਰ ਸੱਟਾਂ ਹਨ।
ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਵੀ ਕੁੱਟਮਾਰ ਕੀਤੀ ਗਈ ਹੈ। ਪ੍ਰਵਾਸੀ ਮਜ਼ਦੂਰ ਕੱਲੂ ਰਾਮ ਨੇ ਦੱਸਿਆ ਕਿ ਉਸ ਦੇ ਘਰ ਦੇ ਮੁੱਖ ਗੇਟ ਦੀ ਵੀ ਕਥਿਤ ਦੋਸ਼ੀਆਂ ਨੇ ਭੰਨਤੋੜ ਕੀਤੀ ਪਰ ਗੇਟ ਦਾ ਅੰਦਰੋਂ ਜਿੰਦਰਾ ਲਗਾਇਆ ਹੋਣ ਕਾਰਨ ਗੇਟ ਨਹੀਂ ਖੁੱਲਿਆਂ ਨਹੀਂ ਤਾਂ ਪਰਿਵਾਰ ਦਾ ਵੀ ਨੁਕਸਾਨ ਹੋ ਸਕਦਾ ਸੀ। ਘਟਨਾਂ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਪਰਮਜੀਤ ਸਿੰਘ ਨੇ ਇਸ ਘਟਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਕਾਨੇਰ ਸਵੀਟਸ ਕੋਲ ਪ੍ਰਭਜੋਤ, ਤੇਜੀ ਅਤੇ ਗੁਰੀ ਜੋ ਕਿ ਮੋਟਰਸਾਈਕਲ 'ਤੇ ਸਨ ਅਤੇ ਮੋਟਰਸਾਈਕਲ ਦਾ ਟਾਇਰ ਕਰਮੇ ਨਾਮ ਦੇ ਨੌਜਵਾਨ ਦੇ ਪੈਰ 'ਤੇ ਚੜ੍ਹ ਗਿਆ ਜਿਸ ਤੋਂ ਬਾਅਦ ਹੋਏ ਝਗੜੇ ਵਿਚ ਕਰਮੇ ਗਰੁੱਪ ਨੇ ਦੂਸਰੇ ਗਰੁੱਪ ਦੀ ਕੁੱਟਮਾਰ ਕੀਤੀ।
ਇਸ ਘਟਨਾਂ ਤੋਂ ਬਾਅਦ ਦੂਸਰੇ ਗਰੁੱਪ ਨੇ ਆਪਣੇ ਹੋਰ ਸਾਥੀ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਤੋਂ ਮੰਗਵਾ ਕੇ ਕਰਮੇ ਗਰੁੱਪ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਨ੍ਹਾਂ ਨੂੰ ਛੁਡਾ ਰਹੇ ਰਾਹਗੀਰ ਬਿਰਜੂ ਨਾਮ ਦੇ ਵਿਅਕਤੀ 'ਤੇ ਗੋਲੀ ਚਲਾ ਦਿੱਤੀ ਜੋ ਕਿ ਉਸ ਦੀ ਲੱਤ ਵਿਚ ਲੱਗੀ। ਉਨ੍ਹਾਂ ਕਿਹਾ ਕਿ ਘਟਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਨਾਲ ਸਾਈਬਰ ਠੱਗੀ! ਲੱਖਾਂ ਰੁਪਏ ਦਾ ਲਾਇਆ ਚੂਨਾ
NEXT STORY