ਡੇਰਾਬੱਸੀ (ਵਿਕਰਮਜੀਤ) : ਡੇਰਾਬੱਸੀ-ਅੰਬਾਲਾ ਚੰਡੀਗੜ੍ਹ ਕੌਮੀ ਹਾਈਵੇਅ ਸਥਿਤ ਸ੍ਰੀ ਸੁਖਮਨੀ ਇੰਜੀਨੀਅਰਿੰਗ ਕਾਲਜ ਦੇ ਬਾਹਰ ਬੀਤੇ ਕੁੱਝ ਦਿਨ ਪਹਿਲਾਂ ਦਿਨ-ਦਿਹਾੜੇ ਹਿੰਸਕ ਘਟਨਾ ਵਾਪਰੀ ਅਤੇ ਵਿਦਿਆਰਥੀਆਂ ਦੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ ਕਰੀਬ 20 ਨੌਜਵਾਨਾਂ ਦੇ ਸਮੂਹ ਨੇ ਵਿਦਿਆਰਥੀ ਹਰਸ਼ ਰਾਣਾ ਵਾਸੀ ਪਿੰਡ ਲਾਲੜੂ ਨੂੰ ਰੰਜਿਸ਼ ਦੇ ਚੱਲਦਿਆਂ ਘੇਰ ਲਿਆ ਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ।
ਕਾਲਜ ਦੇ ਬਾਹਰ ਹੋਇਆ ਹਮਲਾ ਕਾਲਜ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਰਿਕਾਰਡ ਹੋ ਗਿਆ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਹੋਰ ਵਿਦਿਆਰਥੀਆਂ ਨੇ ਤੁਰੰਤ ਹਰਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ, ਹੁਣ ਪੀੜਤ ਵਿਦਿਆਰਥੀ ਦੀ ਛੁੱਟੀ ਹੋ ਚੁੱਕੀ ਹੈ। ਡੇਰਾਬੱਸੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਲਿਆ ਅਤੇ ਹਮਲਾ ਕਰਨ ਵਾਲੇ ਮੁੱਖ ਦੋਸ਼ੀਆਂ ਦੀ ਪਛਾਣ ਕਰ ਲਈ ਹੈ।
ਪੁਲਸ ਨੇ ਹਮਲੇ ’ਚ ਸ਼ਾਮਲ 20 ਜਣਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਸ ਬਿਆਨ ’ਚ ਹਰਸ਼ ਰਾਣਾ ਨੇ ਦੱਸਿਆ ਕਿ ਵਿਦਿਆਰਥੀ ਉਸ ਪਾਸੋਂ ਕਾਲਜ ’ਚ ਪੜ੍ਹਦੀਆਂ ਕੁੜੀਆਂ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਮੰਗਦੇ ਸੀ, ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਆਬਕਾਰੀ ਵਿਭਾਗ ਦੀ ਮੈਰਿਜ ਪੈਲੇਸ ਤੇ ਬੈਂਕੁਇਟ ਹਾਲ ਮਾਲਕਾਂ ਨੂੰ ਚਿਤਾਵਨੀ
NEXT STORY