ਕਪੂਰਥਲਾ (ਰਣਜੀਤ)— ਇਥੋਂ ਦੇ ਸੁਲਤਾਨਪੁਰ ਲੋਧੀ 'ਚ ਰੰਜਿਸ਼ ਦੇ ਚਲਿਦਆਂ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੌਜਵਾਨ ਦਾ ਅੰਗੂਠਾ ਵੱਢ ਕੇ ਨਾਲ ਹੀ ਲੈ ਗਏ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਮਲੇ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਕੈਮਰੇ 'ਚ ਹਮਲਾਵਰਾਂ ਦੀ ਬਦਮਾਸ਼ੀ ਕੁਝ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਉਹ ਰਾਹਗੀਰਾਂ ਨੂੰ ਵੀ ਕੁੱਟਦੇ ਰਹੇ।

ਮਿਲੀ ਜਾਣਕਾਰੀ ਮੁਤਾਬਕ 20 ਮਈ ਰਾਤ 10 ਵਜੇ ਦੇ ਕਰੀਬ ਜਦੋਂ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਇਕ ਨੌਜਵਾਨ ਸੂਰਜ ਧੀਰ ਇਕ ਢਾਬੇ ਤੋਂ ਖਾਣਾ ਲੈਣ ਆਇਆ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਨਜ਼ਦੀਕੀ ਇਕ ਗਲੀ 'ਚ ਲਿਜਾ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਸ ਦੌਰਾਨ ਖੁਦ ਨੂੰ ਬਚਾਉਂਦੇ ਸਮੇਂ ਉਸ ਦਾ ਅੰਗੂਠਾ ਵੱਢਿਆ ਗਿਆ। ਅੰਗੂਠਾ ਵੱਢਣ ਦੇ ਦਰਦ ਨਾਲ ਬੇਹਾਲ ਸੂਰਜ ਨਾਮੀ ਨੌਜਵਾਨ ਬੇਹੋਸ਼ ਹੋ ਗਿਆ। ਪਰਿਵਾਰ ਨੂੰ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰ ਸੂਰਜ ਨੂੰ ਹਸਪਤਾਲ ਲੈ ਕੇ ਗਏ।

ਦੋਸ਼ ਲਗਾਏ ਜਾ ਰਹੇ ਹਨ ਕਿ ਚੋਣਾਂ ਵਾਲੇ ਦਿਨ ਸੂਰਜ ਅਕਾਲੀ ਦਲ-ਭਾਜਪਾ ਦੇ ਬੂਥ 'ਤੇ ਮੌਜੂਦ ਸੀ ਅਤੇ ਹਮਲਾਵਰ ਇਸ ਤੋਂ ਖੁਸ਼ ਨਹੀਂ ਸੀ। ਅਗਲੀ ਹੀ ਰਾਤ ਉਨ੍ਹਾਂ ਨੇ ਜਨਮਦਿਨ ਵਿਸ਼ ਨਾ ਕਰਨ ਦਾ ਬਹਾਨਾ ਲਗਾ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ।

ਅਕਾਲੀ ਆਗੂ ਸੱਜਣ ਸਿੰਘ ਚੀਮਾ ਮੁਤਾਬਕ ਇਸ ਤਰ੍ਹਾਂ ਹੋਈ ਗੁੰਡਾਗਰਦੀ ਜਿਸ 'ਚ ਕਿਸੇ ਦਾ ਅੰਗੂਠਾ ਲਹਿਰਾਉਂਦੇ ਹੋਏ ਪਰਿਵਾਰ ਨੂੰ ਚੈਲੇਂਜ ਕਰਕੇ ਨਾਲ ਲਿਜਾਣ ਨਾਲ ਸੁਰੱਖਿਆ 'ਤੇ ਸਵਾਲ ਉੱਠਦੇ ਹੀ ਹਨ, ਉਥੇ ਹੀ ਪੁਲਸ ਵੱਲੋਂ ਹਲਕੀ ਧਾਰਾ ਲਗਾ ਕੇ ਮਾਮਲਾ ਦਰਜ ਕਰਨਾ ਪੁਲਸ 'ਤੇ ਸੱਤਾਧਾਰੀ ਆਗੂਆਂ ਦਾ ਦਬਾਅ ਵੀ ਸਾਹਮਣੇ ਆਉਂਦਾ ਹੈ। ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਨੂੰ ਦੇਖ ਕੇ ਪੁਲਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਮੋਦੀ ਤੋਂ ਵੱਧ ਭਖਿਆ ਹੈ ਪੰਜਾਬ 'ਚ ਕੈਪਟਨ-ਸਿੱਧੂ ਵਿਵਾਦ
NEXT STORY