ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਇਕ ਮਾਰਬਲ ਫੈਕਟਰੀ ਵਿਚ ਮੌਜੂਦਾ ਕੌਂਸਲਰ ਦੇ ਭਤੀਜੇ ਅਤੇ ਪਿੰਡ ਅਜ਼ੀਮਗੜ੍ਹ ਦੇ ਰਹਿਣ ਵਾਲੇ ਇਕ ਨੌਜਵਾਨ ’ਤੇ ਦਰਜਨ ਭਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਲਹੂ-ਲੁਹਾਨ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਕੌਂਸਲਰ ਰਾਜਾਰਾਮ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਲੜਕੇ ਦੀ ਉਨ੍ਹਾਂ ਦੇ ਮੁਹੱਲੇ ਦੇ ਹੀ ਰਹਿਣ ਵਾਲੇ ਸੁਰੇਸ਼ ਅਤੇ ਉਸ ਦੇ ਦੋਸਤਾਂ ਨਾਲ ਲੜਾਈ ਹੋਈ ਸੀ। ਜਿਸ ਤੋਂ ਬਾਅਦ ਹਮਲਾਵਰਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਬੀਤੀ ਸ਼ਾਮ ਨਗਰ ਥਾਣਾ ਨੰਬਰ-2 ਦੀ ਇੰਚਾਰਜ ਪ੍ਰੋਮਿਲਾ ਰਾਣੀ ਸਿੱਧੂ ਨੇ ਉਨ੍ਹਾਂ ਦਾ ਅਤੇ ਦੂਜੀ ਧਿਰ ਦਾ ਪੰਚਾਇਤੀ ਸਮਝੌਤਾ ਕਰਵਾਇਆ ਸੀ। ਜਿਸ ’ਚ ਦੂਜੀ ਧਿਰ ਦੇ ਸੁਰੇਸ਼ ਕੁਮਾਰ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਭਵਿੱਖ ’ਚ ਪਹਿਲ ਨਹੀਂ ਕਰਨਗੇ। ਰਾਜਾਰਾਮ ਨੇ ਦੱਸਿਆ ਕਿ ਉਸ ਦਾ ਭਤੀਜਾ ਸੰਦੀਪ ਕੁਮਾਰ ਪੁੱਤਰ ਸੂਰਜਾ ਰਾਮ (30) ਗੱਡੀ ਚਲਾਉਂਦਾ ਹੈ। ਦੁਪਹਿਰ ਨੂੰ ਜਦੋਂ ਉਹ ਹਨੂੰਮਾਨਗੜ੍ਹ ਰੋਡ ’ਤੇ ਮਾਰਬਲ ਫੈਕਟਰੀ ’ਚ ਬੈਠ ਕੇ ਆਪਣਾ ਮੋਬਾਇਲ ਦੇਖ ਰਿਹਾ ਸੀ ਤਾਂ 8-10 ਅਣਪਛਾਤੇ ਨੌਜਵਾਨ ਡਾਂਗਾਂ, ਤਲਵਾਰਾਂ ਅਤੇ ਕੁਹਾੜੀਆਂ ਨਾਲ ਆਏ ਅਤੇ ਉਸ ’ਤੇ 28 ਵਾਰ ਹਮਲਾ ਕਰ ਕੇ ਉਸ ਨੂੰ ਅੱਧਮਰਿਆ ਸੁੱਟ ਕੇ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਫੈਕਟਰੀ ਦੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜੋ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ। ਡਾਕਟਰਾਂ ਅਨੁਸਾਰ ਸੰਦੀਪ ਦੀ ਹਾਲਤ ਕਾਫੀ ਨਾਜ਼ੁਕ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ। ਕੌਂਸਲਰ ਰਾਜਾ ਰਾਮ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਸ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਜੇਕਰ ਕੱਲ੍ਹ ਨੂੰ ਉਨ੍ਹਾਂ ਦੇ ਭਤੀਜੇ ਦੀ ਜਾਨ ਨੂੰ ਖਤਰਾ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਸੁਰੇਸ਼ ਕੁਮਾਰ ਜ਼ਿੰਮੇਵਾਰ ਹੋਵੇਗਾ। ਥਾਣਾ ਇੰਚਾਰਜ ਪ੍ਰੋਮਿਲਾ ਸਿੱਧੂ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ ਪਰ ਅਜੇ ਤੱਕ ਐੱਮ. ਐੱਲ. ਆਰ. ਨਹੀਂ ਪਹੁੰਚੀ, ਫਿਰ ਵੀ ਉਨ੍ਹਾਂ ਦੀ ਪੁਲਸ ਟੀਮ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਗੁੜ ਦੇ ਸ਼ੌਕੀਨਾਂ ਲਈ ਖ਼ਾਸ ਖ਼ਬਰ, ਛਾਪੇਮਾਰੀ ਦੌਰਾਨ ਨਸ਼ਟ ਕਰਵਾਇਆ 2 ਕੁਇੰਟਲ ਗੁੜ
NEXT STORY