ਲੁਧਿਆਣਾ (ਰਾਜ, ਗੌਤਮ) : ਪੱਖੋਵਾਲ ਰੋਡ 'ਤੇ ਸਥਿਤ ਕਰਨੈਲ ਸਿੰਘ ਨਗਰ ਵਿੱਚ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਘਰ ਵਿੱਚ ਜਬਰਨ ਵੜ ਕੇ ਇੱਕ ਨਾਬਾਲਗ ਬੱਚੀ ਨਾਲ ਚਾਕੂ ਦੀ ਨੋਕ 'ਤੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ 'ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਾਲਾਂਕਿ, ਬੱਚੀ ਨੇ ਬਹਾਦਰੀ ਅਤੇ ਹੁਸ਼ਿਆਰੀ ਦਿਖਾਉਂਦੇ ਹੋਏ ਰੌਲਾ ਪਾਇਆ, ਜਿਸ ਕਾਰਨ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਸ ਨੂੰ ਦਿੱਤੇ ਬਿਆਨ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ 10 ਮਾਰਚ ਨੂੰ ਉਸਦੀ 13 ਸਾਲਾ ਧੀ ਅਤੇ 3 ਸਾਲਾ ਪੁੱਤਰ ਘਰ ਵਿੱਚ ਇਕੱਲੇ ਸਨ। ਸ਼ਾਮ ਨੂੰ ਜਦੋਂ ਮੁਲਜ਼ਮ ਜਬਰਨ ਘਰ ਵਿੱਚ ਦਾਖਲ ਹੋਇਆ, ਤਾਂ ਉਸਨੇ ਬੱਚੀ ਨੂੰ ਚਾਕੂ ਦਿਖਾ ਕੇ ਡਰਾਇਆ ਅਤੇ ਉਸਨੂੰ ਕੱਪੜੇ ਉਤਾਰਨ ਲਈ ਕਿਹਾ। ਜਦੋਂ ਬੱਚੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ, ਤਾਂ ਮੁਲਜ਼ਮ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬੱਚੀ ਨੇ ਆਪਣਾ ਬਚਾਅ ਕਰਨ ਲਈ ਰੌਲਾ ਪਾਇਆ ਅਤੇ ਮੁਲਜ਼ਮ ਨੂੰ ਧਮਕਾਇਆ ਕਿ ਉਸਦੇ ਪਿਤਾ ਆਉਣ ਵਾਲੇ ਹਨ, ਜਿਸ ਤੋਂ ਡਰ ਕੇ ਮੁਲਜ਼ਮ ਉੱਥੋਂ ਭੱਜ ਨਿਕਲਿਆ।
ਪੀੜਤ ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਘਰ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਅੰਦਰ ਜਾ ਕੇ ਦੇਖਿਆ ਤਾਂ ਬੱਚੇ ਬੇਹੱਦ ਘਬਰਾਏ ਹੋਏ ਸਨ ਅਤੇ ਬੱਚੀ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਮੁਲਜ਼ਮ ਭੱਜਦੇ ਸਮੇਂ ਦੋਵਾਂ ਬੱਚਿਆਂ ਨੂੰ ਅੰਦਰ ਬੰਦ ਕਰਕੇ ਬਾਹਰੋਂ ਕੁੰਡੀ ਲਗਾ ਗਿਆ ਸੀ।
ਥਾਣਾ ਦੁਗਰੀ ਦੀ ਪੁਲਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੰਜਾਬੀ ਬਾਗ ਦੇ ਰਹਿਣ ਵਾਲੇ ਮੁਹੰਮਦ ਕਲਾਮ ਵਿਰੁੱਧ ਪੋਕਸੋ (POCSO) ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਜਾਂਚ ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਹਰਸਿਮਰਤ ਕੌਰ ਬਾਦਲ ਨੇ ਸੰਸਦ 'ਚ ਕਿਸਾਨਾਂ ਤੇ ਪੰਜਾਬ ਦੇ ਹੱਕ 'ਚ ਚੁੱਕੀ ਆਵਾਜ਼
NEXT STORY