ਖਰੜ (ਰਣਬੀਰ) : ਖਰੜ-ਮੋਰਿੰਡਾ ਰੋਡ ਸਥਿਤ ਓਮੇਗਾ ਸਿਟੀ ’ਚ ਮੰਗਲਵਾਰ ਦੁਪਹਿਰ ਵਿਦਿਆਰਥਣ ਦੇ ਫਲੈਟ ’ਚ ਦਾਖ਼ਲ ਹੋ ਕੇ ਦੋ ਵਿਅਕਤੀਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦਾ ਖ਼ੁਲਾਸਾ ਉਸ ਵੇਲੇ ਹੋਇਆ, ਜਦ ਰੌਲਾ ਸੁਣ ਕੇ ਲੋਕ ਇਕੱਠਾ ਹੋ ਗਏ। ਖ਼ੁਦ ਨੂੰ ਘਿਰਦਾ ਵੇਖ ਦੋਵੇਂ ਮੁਲਜ਼ਮ ਘਬਰਾ ਗਏ ਅਤੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਇਕ ਦੇ ਮੋਢੇ ਅਤੇ ਦੂਜੇ ਦੀ ਲੱਤ ’ਚ ਫਰੈਕਚਰ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵੀਰਵਾਰ ਕਰੀਬ ਸਾਢੇ 3 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਸ਼ਿਕਾਰ ਕੁੜੀ ਨੇ ਦੱਸਿਆ ਕਿ ਉਹ ਓਮੇਗਾ ਸਿਟੀ ’ਚ ਆਪਣੇ ਫਲੈਟ ’ਚ ਰਹਿੰਦੀ ਹੈ। ਉਸ ਦੇ ਮਾਪਿਆਂ ਦਾ ਆਪਣਾ ਕਾਰੋਬਾਰ ਹੈ, ਜਿਨ੍ਹਾਂ ਨੇ ਕਾਰ ਚਲਾਉਣ ਲਈ ਸ਼ੇਰਾ ਨਾਂ ਦਾ ਇਕ ਡਰਾਈਵਰ ਰੱਖਿਆ ਹੋਇਆ ਸੀ।
ਸ਼ੇਰਾ ਗਲਤ ਸੰਗਤ ਤੇ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕਾ ਸੀ ਤੇ ਅਕਸਰ ਉਸ ਦੇ ਘਰਦਿਆਂ ਤੋਂ ਕਰਜ਼ੇ ’ਤੇ ਪੈਸੇ ਲੈਂਦਾ ਰਹਿੰਦਾ ਸੀ। ਕੁੱਝ ਸਮਾਂ ਪਹਿਲਾਂ ਜਦ ਪਰਿਵਾਰ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਖ਼ੁਦ ਨੂੰ ਮਜਬੂਰ ਦੱਸਦਿਆਂ ਆਪਣੇ ਦੁੱਖੜੇ ਸੁਣਾਉਣ ਲੱਗਾ। ਘਰਦਿਆਂ ਨੇ ਉਸ ਦੀ ਮੋਟਰਸਾਈਕਲ ਆਪਣੇ ਕੋਲ ਰੱਖ ਲਈ ਤੇ ਕਿਹਾ ਕਿ ਪੈਸੇ ਵਾਪਸ ਕਰਨ ’ਤੇ ਹੀ ਵਾਪਸ ਮਿਲੇਗੀ। ਕਾਫੀ ਮਨਾਉਣ ਤੋਂ ਬਾਅਦ ਸ਼ੇਰਾ ਨੇ ਹੌਲੀ-ਹੌਲੀ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਤੇ ਆਪਣੀ ਮੋਟਰਸਾਈਕਲ ਵਾਪਸ ਲੈ ਗਿਆ ਪਰ ਉਸ ਨੇ ਪੈਸੇ ਵਾਪਸ ਨਹੀਂ ਕੀਤੇ, ਸਗੋਂ ਹੋਰ ਉਧਾਰ ਮੰਗਣਾ ਸ਼ੁਰੂ ਕਰ ਦਿੱਤਾ। ਪੀੜਤਾ ਮੁਤਾਬਕ ਬੁੱਧਵਾਰ ਨੂੰ ਜਦੋਂ ਉਹ ਕਾਲਜ ਤੋਂ ਵਾਪਸ ਆਪਣੇ ਫਲੈਟ ’ਤੇ ਪਹੁੰਚੀ ਤੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਪਹਿਲਾਂ ਹੀ ਸ਼ੇਰਾ ਅਤੇ ਉਸ ਦਾ ਸਾਥੀ ਮੌਜੂਦ ਸਨ।
ਉਸ ਦੇ ਅੰਦਰ ਆਉਂਦੇ ਹੀ ਦੋਹਾਂ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਜ਼ਬਰਦਸਤੀ ਉਸ ਦੀ ਅੰਗੂਠੀ, ਨਕਦੀ ਤੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਧੱਕਾ-ਮੁੱਕੀ ਦੌਰਾਨ ਉਸ ਦੇ ਚਿਹਰੇ ’ਤੇ ਵੀ ਸੱਟ ਲੱਗੀ। ਵਿਦਿਆਰਥਣ ਦੇ ਰੌਲਾ ਪਾਉਣ ਮਗਰੋਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਫੜ੍ਹੇ ਜਾਣ ਦੇ ਡਰ ਤੋਂ ਦੋਹਾਂ ਨੇ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਤੇ ਹੇਠਾਂ ਡਿੱਗਦੇ ਹੀ ਦੋਵੇਂ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਜਖ਼ਮੀ ਹਾਲਤ ’ਚ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੇਜ਼-6 ਹਸਪਤਾਲ ਰੈਫ਼ਰ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਵਿਦਿਆਰਥਣ ਦੇ ਬਿਆਨ ਦਰਜ ਕੀਤੇ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਮ ਕੋਚ ਨੇ ਮਾਲਕ ਨਾਲ 20 ਲੱਖ ਰੁਪਏ ਕੀਤੀ ਠੱਗੀ, ਹਿਸਾਬ ਮੰਗਣ 'ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
NEXT STORY