ਚੰਡੀਗੜ੍ਹ (ਆਕ੍ਰਿਤੀ) : ਸ਼ਹਿਰ ਦੇ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੇ ਵਾਧੇ ਨੂੰ ਲੈ ਕੇ ਮਾਪਿਆਂ 'ਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਕਾਰਨ ਹੀ ਸੈਕਟਰ-52 ਦੇ ਰਹਿਣ ਵਾਲੇ ਅਤੁਲ ਬੋਹਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਗੁਰਦਾ ਵੇਚਣ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਉਹ ਆਪਣੇ ਬੱਚੇ ਦੀ ਸਕੂਲ ਫੀਸ ਭਰ ਸਕੇ। ਅਤੁਲ ਬੋਹਰਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਿੱਖਿਆ ਮਹਿਕਮੇ ਵੱਲੋਂ ਮਾਪਿਆਂ ਨੂੰ ਇਨਸਾਫ ਦਿਵਾਉਣ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਉਨ੍ਹਾਂ ਦਾ ਬੱਚਾ ਸੈਕਟਰ-44 ਦੇ ਇਕ ਨਿੱਜੀ ਸਕੂਲ 'ਚ ਪੜ੍ਹਦਾ ਹੈ।
ਤਾਲਾਬੰਦੀ ਕਾਰਨ ਉਨ੍ਹਾਂ ਦੀ ਨੌਕਰੀ ਛੁੱਟ ਗਈ ਅਤੇ ਹੁਣ ਤਨਖਾਹ ਵੀ ਨਹੀਂ ਆ ਰਹੀ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ ਪਰ ਸਕੂਲ ਵੱਲੋਂ ਪੂਰੀ ਫੀਸ ਮੰਗੀ ਜਾ ਰਹੀ ਹੈ, ਜੋ ਕਿ 32,000 ਰੁਪਏ ਹੈ। ਅਤੁਲ ਨੇ ਲਿਖਿਆ ਕਿ ਘਰ ਦਾ ਕਿਰਾਇਆ ਅਤੇ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਗਈਆਂ ਹਨ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰ ਹਨ। ਉਹ ਆਪਣੀ ਮਾਤਾ ਦੀ ਪੈਨਸ਼ਨ ਨਾਲ ਗੁਜ਼ਾਰਾ ਕਰ ਰਹੇ ਹਨ। ਪਰਿਵਾਰ ਦਾ ਇਕ ਅਦਾਲਤੀ ਕੇਸ ਵੀ ਚੱਲ ਰਿਹਾ ਹੈ ਅਤੇ ਉਸ ਕੇਸ 'ਚ ਵਕੀਲ ਦੀ ਫੀਸ ਦੇਣ ਤੱਕ ਦੇ ਪੈਸੇ ਵੀ ਉਨ੍ਹਾਂ ਕੋਲ ਨਹੀਂ ਹਨ। ਬੋਹਰਾ ਨੇ ਲਿਖਿਆ ਕਿ ਕਾਨੂੰਨ 'ਚ ਸੋਧ ਕੀਤੀ ਜਾਵੇ ਅਤੇ ਉਸ ਨੂੰ ਗੁਰਦਾ ਵੇਚਣ ਦੀ ਕਾਨੂੰਨੀ ਤੌਰ 'ਤੇ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਪੈਸਾ ਇਕੱਠਾ ਕਰਕੇ ਆਪਣੇ ਬੱਚੇ ਦੀ ਫੀਸ ਜਮ੍ਹਾਂ ਕਰਵਾ ਸਕੇ।
ਨਿੱਜੀ ਸਕੂਲ ਕਰ ਰਹੇ ਮਨਮਾਨੀ
ਬੋਹਰਾ ਨੇ ਚਿੱਠੀ 'ਚ ਲਿਖਿਆ ਕਿ ਨਿੱਜੀ ਸਕੂਲ ਫੀਸ ਨੂੰ ਲੈ ਕੇ ਮਨਮਾਨੀ ਕਰ ਰਿਹਾ ਹੈ। ਮਹਿਕਮੇ ਵੱਲੋਂ ਸਕੂਲ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਲਿਖਿਆ ਕਿ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਜੋ ਫੀਸ ਰੈਗੂਲੇਟਰੀ ਅਥਾਰਟੀ ਬਣਾਈ ਸੀ, ਉਸ ਨੇ ਵੀ ਕੋਈ ਕੰਮ ਨਹੀਂ ਕੀਤਾ। ਫੀਸ ਰੈਗੂਲੇਟਰੀ ਐਕਟ ਚੰਡੀਗੜ੍ਹ 'ਚ ਅਪ੍ਰੈਲ-2018 ਤੋਂ ਲਾਗੂ ਹੈ, ਜਿਸ ਦੇ ਤਹਿਤ ਸਕੂਲਾਂ ਲਈ ਆਪਣੀ ਬੈਲੈਂਸਸ਼ੀਟ ਅਤੇ ਆਮਦਨ ਦੇ ਖਰਚੇ ਦਾ ਬਿਓਰਾ ਆਪਣੀ ਵੈੱਬਸਾਈਟ 'ਤੇ ਅਪਲੋਡ ਕਰਨਾ ਜ਼ਰੂਰੀ ਹੈ ਪਰ 2 ਸਾਲਾਂ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਕ ਵੀ ਸਕੂਲ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਉੱਥੇ ਹੀ ਚੰਡੀਗੜ੍ਹ ਪੈਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਸਿੱਖਿਆ ਮਹਿਕਮੇ ਵੱਲੋਂ ਕੋਈ ਸਖਤ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।
ਬੈਂਕ ਦੇ ਗੇਟ ਅੱਗੇ ਮੈਨੇਜਰ ਖ਼ਿਲਾਫ਼ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ
NEXT STORY