ਅੰਮ੍ਰਿਤਸਰ (ਰਮਨ) - ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿਥੇ ਘਰ ਵਿੱਚ ਕੰਪਿਊਟਰ ’ਤੇ ਕੰਮ ਕਰ ਰਹੇ ਇੱਕ ਨੌਜਵਾਨ ਹਰਜਪਾਲ ਸਿੰਘ ’ਤੇ ਗੋਲੀ ਚਲਾ ਦਿੱਤੀ ਗਈ। ਪੀੜਤ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ, ਗੋਲੀ ਚਲਾਉਣ ਵਾਲਾ ਨੌਜਵਾਨ ਕੋਈ ਹੋਰ ਨਹੀਂ ਬਲਕਿ ਹਰਜਪਾਲ ਦੀ ਮਾਸੀ ਦਾ ਪੁੱਤਰ ਹੈ, ਜੋ ਆਪਣੇ ਇੱਕ ਸਾਥੀ ਨਾਲ ਉਨ੍ਹਾਂ ਦੇ ਘਰ ਪਹੁੰਚਿਆ ਸੀ।
ਪੀੜਤ ਪਰਿਵਾਰ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 2:30 ਤੋਂ 2:45 ਵਜੇ ਦੇ ਵਿਚਕਾਰ ਵਾਪਰੀ। ਉਸ ਸਮੇਂ ਹਰਜਪਾਲ ਸਿੰਘ ਆਪਣੇ ਘਰ ਵਿੱਚ ਕੰਪਿਊਟਰ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮਾਸੀ ਦਾ ਲੜਕਾ ਆਪਣੇ ਇੱਕ ਸਾਥੀ ਸਮੇਤ ਉੱਥੇ ਆਇਆ। ਦੋਸ਼ ਹੈ ਕਿ ਉਹ ਦੋਵੇਂ ਹਰਜਪਾਲ ਨੂੰ ਨਾਲ ਵਾਲੇ ਕਮਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਹਰਜਪਾਲ 'ਤੇ ਗੋਲੀ ਚਲਾ ਦਿੱਤੀ, ਜੋ ਸਿੱਧੀ ਉਸ ਦੇ ਪੇਟ ਵਿੱਚ ਜਾ ਲੱਗੀ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਵਿੱਚ ਹੜਕੰਪ ਮਚ ਗਿਆ। ਜ਼ਖ਼ਮੀ ਹਰਜਪਾਲ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ, ਹਰਜਪਾਲ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਸ ਨੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਦੀ ਭਾਬੀ ਨੇ ਦੱਸਿਆ ਕਿ ਪਰਿਵਾਰ ਵਿੱਚ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਵੱਡਾ ਝਗੜਾ ਨਹੀਂ ਸੀ। ਮੁਲਜ਼ਮ ਦਾ ਪਰਿਵਾਰ ਵਿੱਚ ਆਉਣਾ-ਜਾਣਾ ਵੀ ਲਗਾਤਾਰ ਬਣਿਆ ਹੋਇਆ ਸੀ। ਅਜਿਹੇ ਹਾਲਾਤ ਵਿੱਚ ਅਚਾਨਕ ਗੋਲੀ ਚਲਾਉਣ ਪਿੱਛੇ ਕੀ ਮੁੱਖ ਵਜ੍ਹਾ ਰਹੀ, ਇਸ ਨੂੰ ਲੈ ਕੇ ਪਰਿਵਾਰਕ ਮੈਂਬਰ ਵੀ ਪੂਰੀ ਤਰ੍ਹਾਂ ਹੈਰਾਨ ਹਨ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਗੋਲੀ ਚਲਾਉਣ ਪਿੱਛੇ ਕੋਈ ਘਰੇਲੂ ਵਿਵਾਦ, ਨਿੱਜੀ ਰੰਜਿਸ਼ ਜਾਂ ਕੋਈ ਹੋਰ ਕਾਰਨ ਜ਼ਿੰਮੇਵਾਰ ਸੀ।
ਜਲੰਧਰ: Looks Unisex Salon ਦੇ ਪਾਰਕਿੰਗ ਅਟੈਂਡੈਂਟ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY