ਮੋਹਾਲੀ, (ਨਿਆਮੀਆਂ)- ਨਗਰ ਨਿਗਮ ਮੋਹਾਲੀ ਵਲੋਂ ਫੇਜ਼-10 ਦੀ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਪਾਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਤੇ ਦੁਕਾਨਦਾਰਾਂ ਨੂੰ ਨਗਰ ਨਿਗਮ ਦੀ ਟੀਮ ਵਲੋਂ ਵਾਤਾਵਰਣ ਪੱਖੀ ਤੇ ਗਲਣਯੋਗ ਲਿਫਾਫੇ ਵੰਡੇ ਗਏ।
ਜੁਆਇੰਟ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ 'ਚ ਜਿੱਥੇ ਸਾਫ-ਸਫਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਪਾਲੀਥੀਨ ਦੇ ਲਿਫਾਫੇ ਤੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾ ਕਰਨ ਸਬੰਧੀ ਕਿਹਾ ਜਾ ਰਿਹਾ ਹੈ।
ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੈਨੇਟਰੀ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਨਗਰ ਨਿਗਮ ਦੀ ਟੀਮ ਨੇ ਫੇਜ਼-10 ਵਿਚ ਸਫਾਈ ਮੁਹਿੰਮ ਚਲਾਈ ਤੇ ਲੋਕਾਂ ਨੂੰ ਓ. ਡੀ. ਐੱਫ. ਬਾਰੇ ਜਾਗਰੂਕ ਵੀ ਕੀਤਾ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਨਿਗਮ ਦੀ ਟੀਮ ਵਲੋਂ ਘਰਾਂ 'ਚ ਕੂਲਰਾਂ ਆਦਿ ਦੀ ਚੈਕਿੰਗ ਕੀਤੀ ਗਈ ਤੇ ਜਿਹੜੇ ਦੋ ਘਰਾਂ ਵਿਚ ਲਾਰਵਾ ਪਾਇਆ ਗਿਆ, ਉਨ੍ਹਾਂ ਦੇ ਚਲਾਨ ਵੀ ਕੀਤੇ ਗਏ।
ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਪਾਲੀਥੀਨ ਦੇ ਲਿਫਾਫਿਆਂ ਤੇ ਬੋਤਲਾਂ ਜਿਹੜੀਆਂ ਕਿ ਸੀਵਰੇਜ ਸਿਸਟਮ ਨੂੰ ਜਾਮ ਕਰਦੀਆਂ ਹਨ ਤੇ ਜਿਨ੍ਹਾਂ ਵਿਚ ਪਾਣੀ ਖੜ੍ਹਾ ਹੋਣ ਨਾਲ ਮੱਛਰ ਤੇ ਮੱਖੀਆਂ ਪਲਦੇ ਹਨ, ਕਾਰਨ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਲੀਥੀਨ ਦੇ ਲਿਫਾਫੇ ਤੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾ ਕਰਨ ਤੇ ਜੇਕਰ ਕੋਈ ਦੁਕਾਨਦਾਰ ਉਨ੍ਹਾਂ ਨੂੰ ਪਾਲੀਥੀਨ ਦੇ ਲਿਫਾਫੇ ਵਿਚ ਚੀਜ਼ ਪਾ ਕੇ ਦਿੰਦਾ ਹੈ ਤਾਂ ਉਹ ਖੁਦ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਨਿਵਾਸੀ ਵੀ ਸੁਚੇਤ ਹੋਣਗੇ ਤਾਂ ਅਸੀਂ ਪਾਲੀਥੀਨ ਤੇ ਪਲਾਸਟਿਕ ਦੀਆਂ ਬੋਤਲਾਂ ਤੋਂ ਛੁਟਕਾਰਾ ਪਾ ਸਕਾਂਗੇ।
ਦੁਕਾਨ ਮਾਲਕ 'ਤੇ ਹਮਲਾ, 90 ਹਜ਼ਾਰ ਲੁੱਟੇ, 2 ਨਾਮਜ਼ਦ
NEXT STORY