ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਾਜੋਲ ਦੇਵਗਨ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ ਅੰਤਰਿਮ ਹੁਕਮ ਜਾਰੀ ਕਰਦਿਆਂ ਕਾਜੋਲ ਦੇ 'ਪਰਸਨੈਲਿਟੀ ਰਾਈਟਸ' ਦੀ ਉਲੰਘਣਾ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਕੋਈ ਵੀ ਵਿਅਕਤੀ ਜਾਂ ਸੰਸਥਾ ਕਾਜੋਲ ਦੀ ਇਜਾਜ਼ਤ ਤੋਂ ਬਿਨਾਂ ਉਸਦਾ ਨਾਂ, ਤਸਵੀਰ, ਆਵਾਜ਼ ਜਾਂ ਪਛਾਣ ਵਪਾਰਕ ਉਦੇਸ਼ਾਂ ਲਈ ਨਹੀਂ ਵਰਤ ਸਕੇਗੀ।
AI ਅਤੇ ਡੀਪਫੇਕ 'ਤੇ ਸਖ਼ਤ ਰੁਖ਼
ਜਸਟਿਸ ਜਯੋਤੀ ਸਿੰਘ ਨੇ ਸੁਣਵਾਈ ਦੌਰਾਨ ਕਿਹਾ ਕਿ ਅਦਾਕਾਰਾ ਦੀ ਪਛਾਣ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਡੀਪਫੇਕ (Deepfake) ਵਰਗੀ ਤਕਨੀਕ ਰਾਹੀਂ ਗਲਤ ਤਰੀਕੇ ਨਾਲ ਪੇਸ਼ ਕਰਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਡਿਜੀਟਲ ਸਮੱਗਰੀ ਵਿੱਚ ਅਦਾਕਾਰਾ ਦੀ ਪਛਾਣ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ।
ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਹੁਕਮ
ਕੋਰਟ ਨੇ ਸਿਰਫ਼ ਵਪਾਰਕ ਵਰਤੋਂ 'ਤੇ ਹੀ ਨਹੀਂ, ਸਗੋਂ ਇੰਟਰਨੈੱਟ 'ਤੇ ਅਦਾਕਾਰਾ ਵਿਰੁੱਧ ਪਾਈ ਗਈ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਵੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਕਾਜੋਲ ਵੱਲੋਂ ਪੇਸ਼ ਹੋਏ ਵਕੀਲ ਪ੍ਰਵੀਨ ਆਨੰਦ ਨੇ ਦਲੀਲ ਦਿੱਤੀ ਕਿ ਅਜਿਹੀ ਸਮੱਗਰੀ ਨਾਲ ਅਦਾਕਾਰਾ ਦੇ ਸਨਮਾਨ ਅਤੇ ਨਿੱਜਤਾ ਨੂੰ ਠੇਸ ਪਹੁੰਚ ਰਹੀ ਹੈ।
ਅਮਿਤਾਭ ਬੱਚਨ ਅਤੇ ਅਜੇ ਦੇਵਗਨ ਤੋਂ ਬਾਅਦ ਹੁਣ ਕਾਜੋਲ
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਕਈ ਵੱਡੀਆਂ ਸ਼ਖਸੀਅਤਾਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਇਸ ਤੋਂ ਪਹਿਲਾਂ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਅਨਿਲ ਕਪੂਰ ਅਤੇ ਅਜੇ ਦੇਵਗਨ ਵਰਗੇ ਸਿਤਾਰਿਆਂ ਨੂੰ ਵੀ ਹਾਈਕੋਰਟ ਤੋਂ ਅਜਿਹੀ ਸੁਰੱਖਿਆ ਮਿਲ ਚੁੱਕੀ ਹੈ। ਹਾਲਾਂਕਿ, ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਵਿਅੰਗ (Satire), ਕਲਾਤਮਕ ਪ੍ਰਗਟਾਵੇ ਅਤੇ ਨਿਊਜ਼ ਰਿਪੋਰਟਿੰਗ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।
ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ
NEXT STORY