ਮੰਡੀ ਲੱਖੇਵਾਲੀ (ਸੁਖਪਾਲ) - ਇਲਾਕੇ ਦੇ ਸਭ ਤੋਂ ਵੱਡੇ ਪਿੰਡ ਭਾਗਸਰ ਜਿਸ ਦੀ ਆਬਾਦੀ 12-13 ਹਜ਼ਾਰ ਹੈ, ਵਿਖੇ ਪਿੰਡ ਵਾਸੀਆਂ ਨੂੰ ਪਿਛਲੇ ਕਰੀਬ ਇਕ ਸਾਲ ਤੋਂ ਪੀਣ ਲਈ ਜਲਘਰ ਦਾ ਸਾਫ ਤੇ ਚੰਗਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਸਮੁੱਚੇ ਲੋਕ ਤੰਗ-ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਉਕਤ ਪਿੰਡ 'ਚ ਪਿਛਲੇ 35 ਸਾਲਾਂ ਤੋਂ ਚੱਲ ਰਹੇ ਪੁਰਾਣੇ ਜਲਘਰ ਦੀ ਥਾਂ ਨਵਾਂ ਆਧੁਨਿਕ ਸਹੂਲਤਾਂ ਵਾਲਾ ਜਲਘਰ ਸਰਕਾਰ ਨੇ ਬਣਾਉਣਾ ਸ਼ੁਰੂ ਕੀਤਾ ਸੀ। ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਜਲਘਰ 'ਚ ਪਾਣੀ ਸਾਫ਼ ਕਰਨ ਵਾਲਾ ਪ੍ਰਾਜੈਕਟ ਲੱਗਣਾ ਹੈ। ਜਲਘਰ ਦੀਆਂ ਪੁਰਾਣੀਆਂ ਪਾਈਪਾਂ ਪਿੰਡ ਦੀਆਂ ਗਲੀਆਂ 'ਚੋਂ ਪੁੱਟ ਕੇ ਨਵੀਆਂ ਪਾਈਆਂ ਗਈਆਂ ਹਨ। ਟੂਟੀਆਂ ਦਾ ਪਾਣੀ 7-8 ਮਹੀਨੇ ਤਾਂ ਲਗਾਤਾਰ ਪਹਿਲਾਂ ਹੀ ਬੰਦ ਰਿਹਾ ਤੇ ਹੁਣ 3-4 ਮਹੀਨਿਆਂ ਤੋਂ ਟਿਊਬਵੈੱਲ ਦਾ ਪਾਣੀ ਹੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਬੇਹੱਦ ਖਰਾਬ ਹੈ ਤੇ ਇਸ 'ਚ ਤੇਜ਼ਾਬ ਤੇ ਸ਼ੋਰੇ ਦੇ ਤੱਤ ਹਨ। ਮਾੜਾ ਪਾਣੀ ਪੀਣ ਨਾਲ ਪਿੰਡ ਦੇ ਲੋਕਾਂ ਨੂੰ ਬੀਮਾਰੀਆਂ ਲੱਗਣ ਦਾ ਖਤਰਾ ਹੈ। ਪਹਿਲਾਂ ਹੀ ਪਿੰਡ 'ਚ ਨਾਮੁਰਾਦ ਬੀਮਾਰੀਆਂ ਕੈਂਸਰ, ਕਾਲਾ ਪੀਲੀਆ, ਦਿਲ ਦੀਆਂ ਬੀਮਾਰੀਆਂ ਆਦਿ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ, ਜਦਕਿ ਅਨੇਕਾਂ ਲੋਕ ਹੱਡੀਆਂ ਦੇ ਰੋਗਾਂ ਤੋਂ ਪੀੜਤ ਹਨ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਲਘਰ ਦੀਆਂ ਪਾਣੀ ਵਾਲੀਆਂ ਡਿੱਗੀਆਂ 'ਚ ਸਿੱਧਾ ਨਹਿਰ ਦਾ ਪਾਣੀ ਪਾਇਆ ਜਾਵੇ ਤੇ ਟਿਊਬਵੈੱਲ ਵਾਲੇ ਪਾਣੀ ਦੀ ਥਾਂ ਨਹਿਰ ਦੇ ਪਾਣੀ ਦੀ ਸਪਲਾਈ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਉਕਤ ਪਿੰਡ ਦੇ ਬਿਲਕੁਲ ਨਾਲ ਲੱਗਦੇ ਰਜਬਾਹੇ 'ਚੋਂ ਹੀ ਪਿਛਲੇ ਲੰਮੇ ਸਮੇਂ ਤੋਂ ਜਲਘਰ ਦੀਆਂ ਡਿੱਗੀਆਂ 'ਚ ਪਾਣੀ ਪਾਇਆ ਜਾਂਦਾ ਸੀ ਤੇ ਨਹਿਰਾਂ 'ਚ ਪਾਣੀ ਦੀ ਬੰਦੀ ਸਮੇਂ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਕਰਨ ਲਈ ਰਜਬਾਹੇ ਦੀ ਪਟੜੀ 'ਤੇ ਟਿਊਬਵੈੱਲ ਲਾਇਆ ਸੀ ਪਰ ਹੁਣ ਰਜਬਾਹੇ 'ਚ ਪਾਣੀ ਹੋਣ ਦੇ ਬਾਵਜੂਦ ਵੀ ਇਹ ਪਾਣੀ ਡਿੱਗੀਆਂ 'ਚ ਨਹੀਂ ਪਾਇਆ ਜਾ ਰਿਹਾ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY