ਜਲੰਧਰ(ਵੈੱਬ ਡੈਸਕ): ਪੰਜਾਬ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਸਿਆਸੀ ਆਗੂਆਂ ਨੇ ਚੋਣ ਹਲਕਿਆਂ ਨੂੰ ਲੈ ਕੇ ਆਪਣੀਆਂ ਦਾਅਵੇਦਾਰੀਆਂ ਤੈਅ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸੇ ਦੇ ਚੱਲਦਿਆਂ ਪਿਛਲੀਆਂ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸਿਆਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ।ਪੰਜਾਬ ਦੀ ਸਿਆਸਤ ਦੇ ਨਾਮਵਾਰ ਆਗੂ ਅਤੇ ਕੈਰੋਂ ਪਰਿਵਾਰ ਦੇ ਫ਼ਰਜ਼ੰਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਖੇਮਕਰਨ ਵਿਧਾਨ ਸਭਾ ਹਲਕੇ 'ਚ ਅਗਲੀਆਂ ਚੋਣਾਂ ਲੜੇਗਾ। ਕੈਰੋਂ ਦੇ ਬਿਆਨ ਮਗਰੋਂ ਵਿਰਸਾ ਸਿੰਘ ਵਲਟੋਹਾ ਨੇ ਵੀ ਸ਼ਰੇਆਮ ਐਲਾਨ ਕਰ ਦਿੱਤਾ ਹੈ ਕਿ ਹਲਕਾ ਖੇਮਕਰਨ ਤੋਂ ਉਹੀ ਚੋਣ ਲੜਨਗੇ ਅਤੇ ਜੇਕਰ ਕੈਰੋਂ ਪਰਿਵਾਰ ਦਾ ਕੋਈ ਮੈਂਬਰ ਖੇਮਕਰਨ ਹਲਕੇ ਤੋਂ ਚੋਣ ਲੜਨਾ ਚਾਹੁੰਦਾ ਹੈ ਤਾਂ ਉਹ ਕਿਸੇ ਹੋਰ ਪਾਰਟੀ ਵੱਲੋਂ ਚੋਣ ਲੜ ਸਕਦਾ ਹੈ। ਆਗੂਆਂ ਦੇ ਇਨ੍ਹਾਂ ਬਿਆਨਾਂ ਨਾਲ ਅਕਾਲੀ ਦਲ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਗੌਰਤਲਬ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੋ ਕਿ ਬਾਦਲ ਪਰਿਵਾਰ ਦੇ ਜਵਾਈ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ.ਵਲਟੋਹਾ ਵਿਚਕਾਰ ਪਹਿਲਾਂ ਤੋਂ ਹੀ ਅਣਬਣ ਰਹਿਦੀ ਹੈ। ਜਿੱਥੇ ਇੱਕ ਪਾਸੇ ਕੈਰੋਂ ਵਲੋਂ ਖੇਮਕਰਨ ਹਲਕੇ ਵਿਚ ਬੈਠਕਾਂ ਦਾ ਦੌਰ ਜਾਰੀ ਹੈ ਉੱਥੇ ਹੀ ਪ੍ਰੋ. ਵਲਟੋਹਾ ਨੇ ਕੈਰੋਂ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਜੇਕਰ ਉਹ ਖੇਮਕਰਨ ਹਲਕੇ ਤੋਂ ਹੀ ਚੋਣ ਲੜਨਾ ਚਾਹੁੰਦੇ ਹਨ ਤਾਂ ਹੋਰ ਕਿਸੇ ਪਾਰਟੀ ਵੱਲੋਂ ਚੋਣ ਲੜ ਸਕਦੇ ਹਨ। ਪ੍ਰੋ. ਵਲਟੋਹਾ ਨੇ ਕਿਹਾ ਕਿ 15 ਮਾਰਚ ਨੂੰ ਭਿੱਖੀਵਿੰਡ ਵਿਖੇ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੇਮਕਰਨ ਹਲਕੇ ਤੋਂ ਮੇਰੀ ਉਮੀਦਵਾਰੀ ਦਾ ਐਲਾਨ ਕਰਨਗੇ ਤੇ ਇਹ ਐਲਾਨ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਹਿਲੇ ਉਮੀਦਵਾਰ ਦਾ ਐਲਾਨ ਹੋਵੇਗਾ।
ਇਹ ਵੀ ਪੜ੍ਹੋ : ਈ. ਡੀ. ਦੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ
ਆਪਣਿਆ ਦੇ ਵੱਖ ਹੋਣ ਕਾਰਨ ਕੱਖੋਂ ਹੌਲਾ ਹੋਇਆ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਪਣਿਆਂ ਦੇ ਸਾਥ ਛੱਡਣ ਕਾਰਨ ਕੱਖੋਂ ਹੌਲਾ ਹੋ ਚੁੱਕਾ ਹੈ।ਹੁਣ ਵੱਡਾ ਸਵਾਲ ਇਹ ਹੈ ਕਿ ਪ੍ਰੋ.ਵਲਟੋਹਾ ਦੇ ਇਸ ਬਿਆਨ ਮਗਰੋਂ ਜੇਕਰ ਸ਼੍ਰੋਮਣੀ ਅਕਾਲੀ ਦਲ ਖੇਮਕਰਨ ਹਲਕੇ ਤੋਂ ਪ੍ਰੋ.ਵਲਟੋਹਾ ਨੂੰ ਉਮੀਦਵਾਰ ਐਲਾਨਦਾ ਹੈ ਅਤੇ ਕੈਰੋਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਖੇਮਕਰਨ ਹਲਕੇ ਤੋਂ ਟਿਕਟ ਨਹੀਂ ਮਿਲਦੀ ਤਾਂ ਸ. ਕੈਰੋਂ ਦੀ ਅਗਲੀ ਰਣਨੀਤੀ ਕੀ ਹੋਵੇਗੀ?ਕੀ ਕੈਰੋਂ ਪਰਿਵਾਰ ਖੇਮਕਰਨ ਤੋਂ ਚੋਣ ਲੜਨ ਲਈ ਕਿਸੇ ਹੋਰ ਪਾਰਟੀ ਤੋਂ ਟਿਕਟ ਲਵੇਗਾ? ਜੇਕਰ ਕੈਰੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੁੰਦੇ ਹਨ ਤਾਂ ਇਹ ਪਾਰਟੀ ਲਈ ਵੱਡਾ ਝਟਕਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਆਦਿ ਵੱਡੇ ਚਿਹਰੇ ਅਕਾਲੀ ਦਲ ਤੋਂ ਬਾਹਰ ਹੋ ਕੇ ਪਾਰਟੀ ਲਈ ਸਿਰਦਰਦੀ ਬਣੇ ਹੋਏ ਹਨ। ਕਾਬਲੇ-ਗੌਰ ਹੈ ਕਿ ਇਹ ਦੋਵੇਂ ਆਗੂ ਅਕਾਲੀ ਦਲ ਦੀ ਸਿਆਸਤ ਵਿੱਚ ਵੱਡੇ ਨਾਮ ਹਨ ਅਤੇ ਪਾਰਟੀ ਪ੍ਰਧਾਨ ਕਿਸੇ ਇੱਕ ਦੀ ਵੀ ਨਾਰਾਜ਼ਗੀ ਝੱਲਣ ਨੂੰ ਤਿਆਰ ਨਹੀਂ ਹੋਣਗੇ। ਜੇਕਰ ਦੋਨਾਂ ਵਿੱਚੋਂ ਕੋਈ ਆਗੂ ਵੀ ਬਾਗ਼ੀ ਹੁੰਦਾ ਹੈ ਤਾਂ ਪਾਰਟੀ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਕੈਰੋਂ ਅਤੇ ਪ੍ਰੋ. ਵਲਟੋਹਾ ਦੀ ਇਸ ਬਿਆਨਬਾਜ਼ੀ ਤੋਂ ਬਾਅਦ ਸਭ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਦੀ 15 ਮਾਰਚ ਨੂੰ ਹੋਣ ਜਾ ਰਹੀ ਭਿੱਖੀਵਿੰਡ ਵਾਲੀ ਰੈਲੀ 'ਤੇ ਹਨ।
ਨੋਟ: ਕੀ ਸ਼੍ਰੋਮਣੀ ਅਕਾਲੀ ਦਲ ਲਈ ਇਹ ਆਗੂ ਬਣਨਗੇ ਨਵੀਂ ਸਿਰਦਰਦੀ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ
NEXT STORY