ਤਲਵੰਡੀ ਸਾਬੋ (ਮੁਨੀਸ਼)-ਬਰਗਾੜੀ ਅਤੇ ਹੋਰ ਥਾਵਾਂ 'ਤੇ ਪੰਥ ਦੋਖੀਆਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਰਹੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਤੇ ਅਨੇਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਦੀ ਜਾਂਚ ਵਾਸਤੇ ਕੈਪਟਨ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ 'ਤੇ ਆਧਾਰਿਤ ਜਾਂਚ ਕਮਿਸ਼ਨ ਬਣਾਇਆ ਗਿਆ ਹੈ ਜੋ ਬਰਗਾੜੀ-ਬਹਿਬਲ ਕਾਂਡ ਨਾਲ ਸਬੰਧਿਤ ਸਾਰਿਆਂ ਤੱਕ ਪਹੁੰਚ ਕਰ ਕੇ ਜਾਂਚ ਪੜਤਾਲ ਕਰ ਰਿਹਾ ਹੈ। ਇਸ ਕਮਿਸ਼ਨ ਦਾ ਸਹਿਯੋਗ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ ਤਾਂ ਜੋ ਇਸ ਦੁਖਦਾਈ ਘਟਨਾ ਦਾ ਸੱਚ ਸਭ ਦੇ ਸਾਹਮਣੇ ਆਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਅਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਂਚ ਕਮਿਸ਼ਨ ਨੂੰ ਸਹਿਯੋਗ ਨਾ ਦੇਣਾ ਅਤਿ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਜਾਰੀ ਪ੍ਰੈੱਸ ਨੋਟ ਰਾਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬੇਅਦਬੀ ਤੇ ਗੋਲੀਕਾਂਡ ਜਾਂਚ ਲਈ ਬਣਾਏ ਗਏ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਵੀ ਸੰਮਨ ਭੇਜੇ ਗਏ ਹਨ ਅਤੇ ਉਹ ਚੰਡੀਗੜ੍ਹ ਜਾ ਕੇ ਬਕਾਇਦਾ ਆਪਣੇ ਬਿਆਨ ਦਰਜ ਕਰਵਾ ਕੇ ਆਏ ਹਨ। ਉਨ੍ਹਾਂ ਅੱਗੇ ਲਿਖਿਆ ਹੈ ਕਿ ਇਸੇ ਜਾਂਚ ਸਿਲਸਲੇ 'ਚ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਅਤੇ ਡੇਰਾ ਮੁਖੀ ਨੂੰ ਬਿਨ ਮੰਗੀ ਮੁਆਫੀ ਦੇਣ ਵਾਲੇ ਜਥੇਦਾਰ ਗੁਰਬਚਨ ਸਿੰਘ ਨੂੰ ਮਾਮਲੇ ਸਬੰਧੀ ਜਾਣਕਾਰੀ ਦੇਣ ਲਈ ਬੁਲਾਇਆ ਗਿਆ ਹੈ ਪਰ ਇਨ੍ਹਾਂ ਦੋਵਾਂ ਨੇ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਦੇ ਜਜ਼ਬਾਤ ਭੜਕਾਉਣ ਲਈ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਮਿਸ਼ਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਸੰਮਨ ਭੇਜ ਕੇ ਸਿੱਖ ਸਿਧਾਂਤਾਂ ਦਾ ਅਪਮਾਨ ਕੀਤਾ ਹੈ । ਭਾਈ ਦਾਦੂਵਾਲ ਨੇ ਕਿਹਾ ਕਿ ਇਹ ਪੰਥ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਇਹ ਕਹਿ ਰਹੇ ਹਨ ਕਿ ਕਾਂਗਰਸ ਸਿੱਖਾਂ ਦੇ ਮਾਮਲਿਆਂ 'ਚ ਦਖਲ-ਅੰਦਾਜ਼ੀ ਕਰ ਰਹੀ ਹੈ ਪਰ ਇਹ ਦਖਲ਼-ਅੰਦਾਜ਼ੀ ਸ਼ੁਰੂ ਤੋਂ ਅਕਾਲੀ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਨੁਕਸਾਨ ਕਰਨ ਲਈ ਕਾਂਗਰਸੀ ਤੇ ਅਕਾਲੀ ਦੋਵੇਂ ਜ਼ਿੰਮੇਵਾਰ ਹਨ। ਉਨ੍ਹਾਂ ਸਖਤ ਸ਼ਬਦਾਂ 'ਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨਿਸੰਦੇਹ ਸਾਡੀਆਂ ਮਹਾਨ ਸੰਸਥਾਵਾਂ ਹਨ ਪਰ ਬਡੂੰਗਰ ਕੋਈ ਸ਼੍ਰੋਮਣੀ ਕਮੇਟੀ ਨਹੀਂ ਅਤੇ ਗੁਰਬਚਨ ਸਿੰਘ ਕੋਈ ਅਕਾਲ ਤਖਤ ਨਹੀਂ ਹਨ। ਦੋਵੇਂ ਜਾਂਚ ਤੋਂ ਇਨਕਾਰੀ ਹੋ ਕੇ ਸਿੱਧਾ ਆਪਣੇ ਗੁਨਾਹਾਂ ਨੂੰ ਸਵੀਕਾਰ ਰਹੇ ਹਨ।
ਅਖੀਰ 'ਚ ਉਨ੍ਹਾਂ ਕਿਹਾ ਹੈ ਕਿ ਜੇਕਰ ਬਡੂੰਗਰ ਅਤੇ ਗੁਰਬਚਨ ਸਿੰਘ ਨੂੰ ਸਿੱਖ ਸਿਧਾਂਤਾਂ ਦੀ ਫਿਕਰ ਹੈ ਤਾਂ ਉਹ ਜਾਂਚ ਕਮਿਸ਼ਨ ਨੂੰ ਸਹਿਯੋਗ ਕਰਨ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਿੱਖ ਸੰਗਤਾਂ ਦੇ ਸਾਹਮਣੇ ਆ ਸਕੇ।
ਮੋਹਾਲੀ ਏਅਰਪੋਰਟ ਰੋਡ ਬਣਾਉਣ ਵਿਚ ਕਰੋੜਾਂ ਦਾ ਘਪਲਾ
NEXT STORY