ਲੁਧਿਆਣਾ (ਹਿਤੇਸ਼): ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਫ਼ਲਾਈਟਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਏਅਰਪੋਰਟ ਤੋਂ ਪਹਿਲੀ ਫਲਾਈਟ 15 ਮਈ ਨੂੰ ਉਡਾਣ ਭਰੇਗੀ। ਇਹ ਫਲਾਈਟ ਲੁਧਿਆਣਾ ਤੋਂ ਦਿੱਲੀ ਦੇ ਵਿਚਕਾਰ ਹੋਵੇਗੀ। ਇਸ ਦੀ ਪੁਸ਼ਟੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਦਿੱਲੀ-ਲੁਧਿਆਣਾ ਫਲਾਈਟ ਦੀ ਇਕ ਟਿਕਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਟਿਕਟ ਮੁਤਾਬਕ, ਫ਼ਲਾਈਟ ਦੀ ਟਿਕਟ ਮਹਿਜ਼ 3512 ਰੁਪਏ ਹੈ। ਇਸ ਫ਼ਲਾਈਟ ਰਾਹੀਂ ਲੁਧਿਆਣਾ ਤੋਂ ਦਿੱਲੀ ਤਕ ਦਾ ਸਫ਼ਰ ਮਹਿਜ਼ 1 ਘੰਟਾ 10 ਮਿੰਟ ਵਿਚ ਹੋ ਜਾਵੇਗਾ।
ਲੁਧਿਆਣਾ ਵਿਚ ਏਅਰਪੋਰਟ ਬਣਾਉਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀ। ਪਹਿਲਾਂ ਸਾਹਨੇਵਾਲ ਤੋਂ ਇਸ ਬਾਰੇ ਯੋਜਨਾਬੰਦੀ ਹੋਈ ਸੀ, ਪਰ ਲੋ ਵਿਜ਼ੀਬਿਲਿਟੀ ਕਰਕੇ ਉਹ ਕਦੇ ਕਾਮਯਾਬ ਨਹੀਂ ਹੋ ਪਾਈ। ਉਸ ਤੋਂ ਬਾਅਦ ਲਾਡੋਵਾਲ ਅਤੇ ਮਾਛੀਵਾੜਾ ਵਿਚ ਵੀ ਏਅਰਪੋਰਟ ਬਣਾਉਣ ਦੀ ਗੱਲ ਚੱਲੀ ਪਰ ਸਿਰੇ ਨਹੀਂ ਚੜ੍ਹੀ। ਫਿਰ ਚੰਡੀਗੜ੍ਹ ਦੀ ਤਰ੍ਹਾਂ ਹਲਵਾਰਾ ਏਅਰਬੇਸ ਵਿਖੇ ਸਿਵਲ ਏਅਰਪੋਰਟ ਬਣਾਉਣ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਲਿਆ ਗਿਆ ਸੀ। ਇਸ ਦੇ ਨਿਰਮਾਣ ਵਿਚ ਜ਼ਮੀਨ ਐਕਵਾਇਰ ਕਰਨ, ਡਿਜ਼ਾਈਨ ਬਣਾਉਣ ਅਤੇ ਭਾਰਤ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਤੇ ਏਅਰਫੋਰਸ ਦੀ ਮਨਜ਼ੂਰੀ ਲੈਣ ਵਿਚ ਕਾਫੀ ਸਮਾਂ ਲੱਗ ਗਿਆ। ਫੰਡ ਰਿਲੀਜ਼ ਨਾ ਹੋਣ ਕਾਰਨ ਵੀ ਕੰਮ ਰੁਕਿਆ ਰਿਹਾ।
ਹਲਵਾਰਾ ਏਅਰਪੋਰਟ ਦਾ ਨਿਰਮਾਣ ਕਰੀਬ ਇਕ ਸਾਲ ਪਹਿਲਾਂ ਪੂਰਾ ਹੋ ਚੁੱਕਾ ਸੀ ਪਰ ਜ਼ਰੂਰੀ ਮਨਜ਼ੂਰੀਆਂ ਕਾਰਨ ਫਲਾਈਟ ਸ਼ੁਰੂ ਨਹੀਂ ਹੋ ਸਕੀ ਸੀ। 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਸੀ। ਪਹਿਲਾਂ ਮਾਰਚ ਅਤੇ ਫਿਰ ਅਪ੍ਰੈਲ ਵਿਚ ਫਲਾਈਟ ਸ਼ੁਰੂ ਹੋਣ ਦੀਆਂ ਗੱਲਾਂ ਕਹੀਆਂ ਗਈਆਂ ਸਨ, ਪਰ ਹੁਣ ਆਖ਼ਿਰ 15 ਮਈ ਦੀ ਤਾਰੀਖ ਤੈਅ ਹੋਈ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਦੀ ਇੰਡਸਟਰੀ ਅਤੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਹੁਣ ਲੁਧਿਆਣਾ ਅਤੇ ਆਸ-ਪਾਸ ਦੇ ਲੋਕਾਂ ਨੂੰ ਦਿੱਲੀ ਜਾਂ ਹੋਰ ਕਨੈਕਟਿੰਗ ਫਲਾਈਟਾਂ ਲਈ ਚੰਡੀਗੜ੍ਹ ਜਾਂ ਅੰਮ੍ਰਿਤਸਰ ਏਅਰਪੋਰਟ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਫਲਾਈਟਾਂ ਦਾ ਸਮਾਂ:
ਪਹਿਲੀ ਫ਼ਲਾਈਟ: ਸਵੇਰੇ 5:55 ਵਜੇ ਚੱਲ ਕੇ 7:40 ਵਜੇ ਲੁਧਿਆਣਾ ਪਹੁੰਚੇਗੀ।
ਦੂਜੀ ਫ਼ਲਾਈਟ: ਦੁਪਹਿਰ 12:55 ਵਜੇ ਚੱਲ ਕੇ 2:10 ਵਜੇ ਲੁਧਿਆਣਾ ਪਹੁੰਚੇਗੀ।
ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ
NEXT STORY