ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਘੁਲਾੜੀਆਂ 'ਚ ਗੁੜ/ਗੁੜ ਉਤਪਾਦਾਂ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਗੁੜ ਦੇ ਮਿਆਰੀ ਉਤਪਾਦਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਦੇਖਣ 'ਚ ਆਇਆ ਹੈ ਕਿ ਪਰਵਾਸੀ ਮਜ਼ਦੂਰਾਂ ਵੱਲੋਂ ਚਲਾਈਆਂ ਜਾ ਰਹੀਆਂ ਕੁਝ ਘੁਲਾੜੀਆਂ ਵਿੱਚ ਗੁੜ/ਗੁੜ ਦੇ ਉਤਪਾਦ ਬਣਾਉਣ ਲਈ ਗੈਰ-ਮਨਜ਼ੂਰਸ਼ੁਦਾ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ. ਡੀ. ਏ.) ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪੰਜਾਬ 'ਚ 617 ਘੁਲਾੜੀਆਂ ਹਨ, ਜੋ ਗੰਨੇ ਤੋਂ ਗੁੜ ਅਤੇ ਹੋਰ ਉਤਪਾਦ ਬਣਾਉਦੀਆਂ ਹਨ।
ਉਹਨਾਂ ਅੱਗੇ ਦੱਸਿਆ ਇਹ ਛੋਟੇ ਪੱਧਰ ਦੀਆਂ ਇਕਾਈਆਂ ਹਨ ਜੋ ਆਮ ਤੌਰ 'ਤੇ ਮੁੱਖ ਸੜਕਾਂ ਦੇ ਕਿਨਾਰੇ ਘੁਲਾੜੀਆਂ ਲਗਾ ਕੇ ਕੰਮ ਕਰਦੀਆਂ ਹਨ। ਪੰਨੂੰ ਨੇ ਦੱਸਿਆ ਕਿ ਪੀ. ਏ. ਯੂ., ਲੁਧਿਆਣਾ ਵੱਲੋਂ ਸਾਰੇ ਘੁਲਾੜੀ ਮਾਲਕਾਂ ਨੂੰ ਗੁੜ ਬਣਾਉਣ ਦੇ ਵਧੀਆ ਢੰਗ-ਤਰੀਕਿਆਂ ਬਾਰੇ ਇਕ ਰੋਜ਼ਾ ਸਿਖਲਾਈ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਘੁਲਾੜੀਆਂ ਚੰਗੀ ਕੁਆਲਟੀ ਦਾ ਗੁੜ/ਗੁੜ ਦੇ ਹੋਰ ਉਤਪਾਦ ਤਿਆਰ ਕਰ ਰਹੀਆਂ ਹਨ ਜੋ ਦੂਜੇ ਦੇਸ਼ਾਂ ਵਿਚ ਵੀ ਬਰਾਮਦ ਕੀਤੇ ਜਾਂਦੇ ਹਨ।
ਬਲਬੀਰ ਸਿੰਘ ਸਿੱਧੂ ਨੇ ਐਫ ਡੀ ਏ ਦੇ ਕਮਿਸ਼ਨਰ ਨੂੰ ਸਾਰੀਆਂ ਘੁਲਾੜੀਆਂ ਦੇ ਨਮੂਨੇ ਲੈਣ ਲਈ ਕਿਹਾ। ਉਹਨਾਂ ਕਮਿਸ਼ਨਰ ਨੂੰ ਮਨੁੱਖੀ ਸਿਹਤ ਲਈ ਖਤਰਨਾਕ ਤੇ ਗਲ਼ਤ ਢੰਗ ਨਾਲ ਗੁੜ ਤਿਆਰ ਕਰਨ ਵਾਲੀਆਂ ਘੁਲਾੜੀਆਂ ਨੂੰ ਬੰਦ ਕਰਨ ਸਮੇਤ ਇਹਨਾਂ ਵਿਰੁੱਧ ਸਖਤ ਕਰਵਾਈ ਲਈ ਕਿਹਾ। ਉਨ੍ਹਾਂ ਸਾਰੀਆਂ ਘੁਲਾੜੀਆਂ ਦੇ ਨਿਰੀਖਣ ਦੀ ਪ੍ਰਕਿਰਿਆ ਨੂੰ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਟੀਮਾਂ ਦਾ ਗਠਨ ਕਰਨ ਦੀ ਹਦਾਇਤ ਵੀ ਕੀਤੀ। ਕਾਬਲੇਗੌਰ ਹੈ ਕਿ ਪੰਜਾਬ ਦੇ ਲੋਕ ਗੁੜ ਅਤੇ ਗੁੜ ਦੇ ਹੋਰ ਉਤਪਾਦ ਖਾਣ ਦੇ ਸ਼ੌਕੀਨ ਹਨ ਅਤੇ ਉਹ ਇਹ ਉਤਪਾਦ ਮੁੱਖ ਤੌਰ 'ਤੇ ਸੜਕ ਕਿਨਾਰੇ ਲਗਾਈਆਂ ਘੁਲਾੜੀਆਂ ਤੋਂ ਖਰੀਦਦੇ ਹਨ।
ਮਨਿਸਟਰੀ ਆਫ ਡਿਫੈਂਸ ਨੇ 55 ਕੰਟੋਨਮੈਂਟ ਬੋਰਡਾਂ ਦੇ ਮੈਂਬਰਾਂ ਦੀ ਵਧਾਈ ਮਿਆਦ
NEXT STORY