ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਸੈਕਟਰ-69 ਵਿਚ ਸਥਿਤ ਜਲ ਘਰ ਵਿਖੇ ਨਵੇਂ ਬਿੱਲ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅੱਜ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਵਾਤਾਵਰਣ ਦਿਹਾੜਾ ਵੀ ਮਨਾਇਆ ਗਿਆ ਅਤੇ ਇਸ ਦੇ ਚੱਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇੱਥੇ ਇਕ ਬੂਟਾ ਵੀ ਲਾਇਆ। ਜ਼ਿਕਰਯੋਗ ਹੈ ਕਿ ਸੈਕਟਰ 66-69 ਅਤੇ ਸੈਕਟਰ 76-80 ਵਿਚ ਵਾਟਰ ਸਪਲਾਈ ਦਾ ਕੰਮ ਪਹਿਲਾਂ ਗਮਾਡਾ ਵੱਲੋਂ ਕੀਤਾ ਜਾਂਦਾ ਸੀ, ਜੋ ਕਿ ਹੁਣ ਨਗਰ ਨਿਗਮ ਨੇ ਆਪਣੇ ਅਧੀਨ ਲੈ ਲਿਆ ਹੈ।
ਇਨ੍ਹਾਂ ਨਵੇਂ ਸੈਕਟਰਾਂ ਦੇ ਵਸਨੀਕਾਂ ਦੇ ਪਾਣੀ ਦੇ ਬਿੱਲ ਭਰਨ ਲਈ ਉਨ੍ਹਾਂ ਨੂੰ ਨੇੜੇ ਸਹੂਲਤ ਦੇਣ ਲਈ ਇਹ ਬਿੱਲ ਕੁਲੈਕਸ਼ਨ ਸੈਂਟਰ ਸੈਕਟਰ-69 ਵਿਖੇ ਖੋਲ੍ਹਿਆ ਗਿਆ ਹੈ। ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਜਲ ਘਰ ਨੂੰ ਗਮਾਡਾ ਤੋਂ ਟੇਕਓਵਰ ਕੀਤਾ ਗਿਆ ਸੀ ਅਤੇ ਇਸ ਦੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਇਸ ਦੀ ਰੈਨੋਵੇਸ਼ਨ ’ਤੇ 41 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਜਲ ਘਰ ਵਿਚ 14 ਟਿਊਬਵੈੱਲਾਂ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ, ਜੋ ਕਿ 11 ਲੱਖ ਗੈਲਨ ਬਣਦਾ ਹੈ ਅਤੇ ਪੂਰੇ ਪ੍ਰੈਸ਼ਰ ਨਾਲ ਪਾਣੀ ਲੋਕਾਂ ਨੂੰ ਸਪਲਾਈ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਛੇਤੀ ਹੀ ਇਨ੍ਹਾਂ ਨਵੇਂ ਸੈਕਟਰਾਂ ਨੂੰ ਵੀ ਬਾਕੀ ਮੋਹਾਲੀ ਵਾਂਗ ਕਜੌਲੀ ਤੋਂ ਆਉਂਦੀ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜ ਦਿੱਤਾ ਜਾਵੇ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਕੋਈ ਕਿੱਲਤ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਲਗਾਤਾਰਤਾ ਵਿਚ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਵਾਤਾਵਰਣ ਦਿਹਾੜਾ ਮਨਾਉਣ ਦੇ ਚੱਲਦੇ ਮੋਹਾਲੀ ਵਿਚ ਵੱਖ-ਵੱਖ ਥਾਵਾਂ ’ਤੇ 500 ਬੂਟੇ ਲਗਾਏਗੀ। ਇਸ ਮੌਕੇ ਮੇਅਰ ਵੱਲੋਂ ਇਸ ਸਮਾਗਮ ਵਿਚ ਹਾਜ਼ਰ ਹੋਏ ਲੋਕਾਂ ਨੂੰ ਕਿਚਨ ਵੇਸਟ ਤੋਂ ਤਿਆਰ ਕੀਤੀ ਗਈ ਆਰਗੈਨਿਕ ਖਾਦ ਦੇ ਪੈਕੇਟ ਵੀ ਦਿੱਤੇ ਗਏ।
ਰਿਟਾਇਰ ਫ਼ੌਜੀ ਪਤੀ ਤੇ ਕਮਾਊ ਪੁੱਤਾਂ ਨੇ ਘਰੋਂ ਕੱਢੀ ਬਜ਼ੁਰਗ ਬੇਬੇ, ਦੁਖੀ ਮਨ ਨਾਲ ਸੁਣਾਈ ਦਾਸਤਾਨ
NEXT STORY