ਮੋਹਾਲੀ (ਪਰਦੀਪ) : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੋਹਾਲੀ ਹਲਕੇ ਤੋਂ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਤੋਂ ਇਲਾਵਾ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਜ਼ਮੀਨਾਂ ’ਤੇ ਕਥਿਤ ਨਾਜਾਇਜ਼ ਕਬਜ਼ਿਆਂ, ਨਸ਼ਾ ਛੁਡਾਊ ਕੇਂਦਰਾਂ ’ਚ ਦਵਾਈਆਂ ਅਤੇ ਕੋਰੋਨਾ ਕਿੱਟਾਂ ਦੇ ਦੋਸ਼ਾਂ ਦੀ ਜਾਂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਡੇਰਾਬੱਸੀ ਤੋਂ ਸਾਬਕਾ ਅਕਾਲੀ ਵਿਧਾਇਕ ਐੱਨ. ਕੇ. ਸ਼ਰਮਾ ਨੇ ਦੋਸ਼ ਲਾਇਆ ਕਿ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਵਿਜੀਲੈਂਸ ਦੀ ਪੜਤਾਲ ਮਹਿਜ਼ ਇਕ ਲੀਪਾਪੋਚੀ ਹੈ, ਜਦੋਂ ਕਿ ਇਹ ਘਪਲਿਆਂ ਅਤੇ ਸ਼ਾਮਲਾਟ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਤੋਂ ਪੰਜਾਬ ਦੇ ਲੋਕ ਭਲੀ-ਭਾਂਤ ਜਾਣੂੰ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਨਸ਼ਾ ਮੁਕਤੀ ਕੇਂਦਰ 'ਚ ਦਵਾਈਆਂ ਅਤੇ ਕੋਰੋਨਾ ਕਿੱਟਾਂ 'ਚ ਹੋਏ ਘਪਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਨਾ ਕਿ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦੀ। ਉਨ੍ਹਾਂ ਕਿਹਾ ਕਿ ਉਹ ਸਾਬਕਾ ਸਿਹਤ ਮੰਤਰੀ ਖ਼ਿਲਾਫ਼ ਕਈ ਵਾਰ ਕਾਨਫਰੰਸ ਕਰ ਕੇ ਅਜਿਹੇ ਘਪਲਿਆਂ ਦਾ ਪਰਦਾਫਾਸ਼ ਕਰ ਚੁੱਕੇ ਹਨ ਪਰ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਇਹ ਹੀ ਨਹੀਂ ਇਸ ਤੋਂ ਪਹਿਲਾਂ ਸਰਕਾਰ ਵਲੋਂ ਬੀਤੀ 30 ਦਸੰਬਰ ਨੂੰ ਸਿੱਧੂ ਦੇ ਛੋਟੇ ਭਰਾ ਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਮੇਅਰ ਦਾ ਅਹੁਦਾ ਛੱਡਣਾ ਪਿਆ ਸੀ ਅਤੇ ਹੁਣ ਵਿਜੀਲੈਂਸ ਵੱਲੋਂ ਸਿੱਧੂ ਨੂੰ ਮੰਤਰੀ ਰਹਿੰਦੇ ਹੋਏ ਵੱਖ-ਵੱਖ ਥਾਂਵਾਂ ’ਤੇ ਖ਼ਰੀਦੀ ਮਹਿੰਗੀ ਜ਼ਮੀਨ ਦੀ ਜਾਂਚ ਵੀ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਘਰੋਂ ਬਾਹਰ ਨਾ ਨਿਕਲਣ ਬਜ਼ੁਰਗ ਤੇ ਬੱਚੇ
ਮਜੀਠੀਆ ਵੀ ਉੱਠਾ ਚੁੱਕੇ ਹਨ ਨਸ਼ਾ ਛੁਡਾਊ ਕੇਂਦਰ ’ਚ ਦਵਾਈਆਂ ਦੇ ਘਪਲੇ ਦਾ ਮਾਮਲਾ
ਸਾਬਕਾ ਐੱਮ. ਐੱਲ. ਏ. ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਬਕਾਇਦਾ ਕਾਨਫਰੰਸ ਕਰ ਕੇ ਬਲਬੀਰ ਸਿੰਘ ਸਿੱਧੂ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਸਿੱਧੂ ਦੇ ਸਿਹਤ ਮੰਤਰੀ ਹੁੰਦਿਆਂ ਨਸ਼ਾ ਛੁਡਾਊ ਕੇਂਦਰਾਂ ਵਿਚ ਹੋਏ 5 ਕਰੋੜ ਰੁਪਏ ਦੇ ਡਰੱਗ ਘਪਲੇ ਦੀ ਜਾਂਚ ਦੀ ਮੰਗ ਕੀਤੀ ਸੀ। ਇੰਨਾ ਹੀ ਨਹੀਂ ਮਜੀਠੀਆ ਵੱਲੋਂ ਸਿੱਧੂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ।
ਸੁਖਬੀਰ ਬਾਦਲ ਦੀ ਮੰਗ ਦੀ ਹੋਈ ਅਣਦੇਖੀ
ਸ਼ਰਮਾ ਨੇ ਕਿਹਾ ਕਿ 4 ਜੂਨ, 2021 ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਤਾਂ ਬਲਬੀਰ ਸਿੰਘ ਸਿੱਧੂ ਵਲੋਂ ਬਹੁ-ਕਰੋੜੀ ਵੈਕਸੀਨ ਘਪਲੇ ਸਬੰਧੀ ਬਲਬੀਰ ਸਿੱਧੂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਕਿੱਟ ਸਬੰਧੀ ਅਪ੍ਰੈਲ 2021 ਨੂੰ ਸਰਕਾਰ ਨੇ ਟੈਂਡਰ ਜਾਰੀ ਕੀਤਾ ਸੀ ਅਤੇ 837 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ 16,668 ਕਿੱਟਾਂ ਖ਼ਰੀਦੀਆਂ ਗਈਆਂ ਸਨ ਅਤੇ ਇਸ ਦੇ ਇਲਾਵਾ ਇਕ ਦੂਸਰੇ ਟੈਂਡਰ ਰਾਹੀਂ 1226 ਰੁਪਏ ਦੇ ਹਿਸਾਬ ਨਾਲ 50 ਹਜ਼ਾਰ ਕਿੱਟਾਂ ਦਾ ਟੈਂਡਰ ਲਿਆ ਗਿਆ ਅਤੇ ਤੀਸਰੀ ਵਾਰ 1338 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਟੈਂਡਰ ਮੰਗਿਆ ਗਿਆ।
ਇਹ ਵੀ ਪੜ੍ਹੋ : ਮਾਛੀਵਾੜਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਖੇਤਾਂ 'ਚ ਖੇਡਦੇ ਬੱਚੇ ਨੂੰ ਗਟਰ 'ਚ ਸੁੱਟ ਕੇ ਕੀਤਾ ਕਤਲ (ਤਸਵੀਰਾਂ)
ਸਿੱਧੂ ਨੇ ਹਮੇਸ਼ਾ ਸੱਤਾ ਦੀ ਦੁਰਵਰਤੋਂ ਕੀਤੀ : ਪਰਮਜੀਤ ਕਾਹਲੋਂ
ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਮੇਸ਼ਾ ਸੱਤਾ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਅਲੀ ਆਧਾਰ ਕਾਰਡ ਬਣਾਉਣ ਸਬੰਧੀ ਤਤਕਾਲੀ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਇਸ ਸ਼ਿਕਾਇਤ ਸਬੰਧੀ ਫਾਈਲ ਨੂੰ ਜਾਂਚ ਅਧਿਕਾਰੀ ਨੇ ਮੇਰੇ ਬਿਆਨ ਲਏ ਬਿਨਾਂ ਹੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਜਾਂਚ ਹੁੰਦੀ ਤਾਂ ਵੱਡੇ ਖ਼ੁਲਾਸੇ ਹੋਣੇ ਸਨ।
ਮੈਂ ਕਿਸੇ ਵੀ ਜਾਂਚ ਲਈ ਤਿਆਰ ਹਾਂ : ਬਲਬੀਰ ਸਿੰਘ ਸਿੱਧੂ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਹਿਲਾਂ ਹੀ ਵਿਜੀਲੈਂਸ ਜਾਂਚ ਨਾਲ ਜੁੜੀਆਂ ਖ਼ਬਰਾਂ ਸਬੰਧੀ ਪ੍ਰੈੱਸ ਕਾਨਫਰੰਸ ਕਰ ਕੇ ਕਹਿ ਚੁੱਕੇ ਹਨ ਕਿ ਉਹ ਵਿਜੀਲੈਂਸ ਜਾਂਚ ਲਈ ਤਿਆਰ ਹਨ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਇਹ ਸਭ ਸਰਕਾਰ ਵੱਲੋਂ ਉਸ ਦੇ ਸਿਆਸੀ ਕੈਰੀਅਰ ਨੂੰ ਵਿਗਾੜਨ ਦੀ ਕੋਸ਼ਿਸ਼ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏੋ
ਪੰਜਾਬ 'ਚ ਉਦਯੋਗਾਂ ਦਾ ਪਲਾਇਨ ਰੋਕਣ ਲਈ ਸਰਕਾਰ ਦਾ ਭ੍ਰਿਸ਼ਟ ਅਫ਼ਸਰਾਂ ’ਤੇ ਡੰਡਾ, ਲਿਆ ਅਹਿਮ ਫ਼ੈਸਲਾ
NEXT STORY