ਚੰਡੀਗੜ੍ਹ : ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਤੋਂ ਵੱਖ ਚੱਲਣ ਵਾਲੇ ਜੈਤੋ ਤੋਂ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਬੁੱਧਵਾਰ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਭੇਜੇ ਅਸਤੀਫੇ ਵਿਚ ਦਿਲ ਖੋਲ੍ਹ ਕੇ ਮੇਹਣੇ ਮਾਰੇ ਹਨ। ਬਲਦੇਵ ਸਿੰਘ ਨੇ ਲਿਖਿਆ ਹੈ ਕਿ ਉਹ ਦੁਖੀ ਮਨ ਨਾਲ ਅਸਤੀਫ਼ਾ ਦੇ ਰਹੇ ਹਨ ਕਿਉਂਕਿ ਪਾਰਟੀ ਆਪਣੀ ਮੁੱਢਲੀ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ ਅਤੇ ਉਨ੍ਹਾਂ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਇਸ ਲਈ ਉਹ ਹੁਣ ਪਾਰਟੀ ਦਾ ਹਿੱਸਾ ਬਣ ਕੇ ਨਹੀਂ ਰਹਿ ਸਕਦੇ।
ਕੇਜਰੀਵਾਲ ਨੂੰ ਭੇਜੇ ਅਸਤੀਫੇ 'ਚ ਮਾਸਟਰ ਬਲਦੇਵ ਸਿੰਘ ਨੇ ਲਿਖਿਆ ਕਿ ਪੰਜਾਬ ਦੇ ਸਮਾਜਿਕ ਸਿਆਸੀ ਹਾਲਾਤ ਨੂੰ ਸੁਧਾਰਨ ਲਈ ਉਨ੍ਹਾਂ ਨੇ ਮੁੱਖ ਅਧਿਆਪਕ ਦੀ ਆਪਣੀ ਸਰਕਾਰੀ ਨੌਕਰੀ ਛੱਡੀ, ਭਾਵੇਂ ਕਿ ਉਨ੍ਹਾਂ ਦੀ ਨੌਕਰੀ ਦੇ ਅਜੇ ਚਾਰ ਸਾਲ ਬਾਕੀ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਪ੍ਰਣਾਲੀ 'ਚ ਇਸ ਤਾਨਾਸ਼ਾਹੀ ਅਤੇ ਅਤਿ-ਵਿਸ਼ਵਾਸ ਦੇ ਵਤੀਰੇ ਨੇ 2017 ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਕੋਈ ਸਬਕ ਨਾ ਸਿੱਖਦੇ ਹੋਏ ਤੁਸੀਂ ਸ਼ਰਮਨਾਕ ਹਾਰ ਦੇ ਨਤੀਜੇ ਲੱਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਅਤੇ ਫਿਰ ਪੰਜਾਬ ਦੀ ਵਾਗ ਡੋਰ ਦੁਰਗੇਸ਼ ਪਾਠਕ ਵਰਗੇ ਆਗੂਆਂ ਦੇ ਹੱਥ 'ਚ ਦੇ ਦਿੱਤੀ। ਉਨ੍ਹਾਂ ਕੇਜਰੀਵਾਲ ਨੂੰ ਲਿਖੀ ਚਿੱਠੀ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਲੀਡਰਾਂ ਵੱਲੋਂ ਔਰਤਾਂ ਦੇ ਜਿਣਸੀ ਸੋਸ਼ਣ ਤੋਂ ਲੈ ਕੇ ਟਿਕਟਾਂ ਵੇਚਣ ਤਕ ਦੇ ਇਲਜ਼ਾਮ ਵੀ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੀਡਰ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਂਦੇ ਰਹੇ ਪਰ ਤੁਸੀਂ (ਕੇਜਰੀਵਾਲ) ਕੁਝ ਨਾ ਕੀਤਾ।
ਉਨ੍ਹਾਂ ਲਿਖਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੇ ਸੰਗਠਨ 'ਚ ਵਿਸਤਾਰ ਕਰਦੇ ਸਮੇਂ 26 ਜ਼ਿਲਾ ਪ੍ਰਧਾਨਾਂ 'ਚੋਂ ਨਾ ਤਾਂ ਕਿਸੇ ਦਲਿਤ ਨੂੰ ਪ੍ਰਧਾਨ ਲਗਾਇਆ ਗਿਆ ਅਤੇ ਨਾ ਹੀ ਕਿਸੇ ਨੂੰ ਜ਼ੋਨ ਪ੍ਰਧਾਨ ਲਗਾਇਆ ਗਿਆ। ਇੰਨਾ ਹੀ ਨਹੀਂ, ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ 'ਚੋਂ ਕੋਈ ਵੀ ਸੀਟ ਦਲਿਤ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਨੇ ਆਪਣੀ ਪੱਤਰ 'ਚ ਇੱਥੋਂ ਤੱਕ ਲਿਖਿਆ ਹੈ ਕਿ ਜੇ ਤੁਸੀਂ (ਕੇਜਰੀਵਾਲ) ਕਮਜ਼ੋਰ ਵਰਗਾਂ ਅਤੇ ਦਲਿਤਾਂ ਦੀ ਬਿਹਤਰੀ ਲਈ ਇੰਨੇ ਹੀ ਚਿੰਤੁਤ ਹੋ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਤਿੰਨ ਉੱਚੇ ਅਹੁਦੇ ਕਨਵੀਨਰ, ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ 'ਚੋਂ ਕੋਈ ਇੱਕ ਦਲਿਤਾਂ ਨੂੰ ਦੇ ਦੇਵੋ, ਜਿਹੜੇ ਕਿ ਤੁਹਾਡੇ ਅਤੇ ਮਨੀਸ਼ ਸਿਸੋਦੀਆ ਕੋਲ ਹਨ। ਇਸ ਸਾਰੇ ਘਟਨਾਕ੍ਰਮ ਅਤੇ ਹਾਲਾਤ ਜਿਨ੍ਹਾਂ ਕਾਰਨ ਆਮ ਆਦਮੀ ਪਾਰਟੀ ਵੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਰਗੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਦੀ ਕਤਾਰ ਵਿਚ ਆ ਗਈ ਹੈ, ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ।
ਕੈਪਟਨ ਦੇ ਪਹਿਲੇ ਸੱਦੇ 'ਤੇ ਮਿਲੇ ਬਾਜਵਾ, ਸਾਹਮਣੇ ਰੱਖੇ ਇਹ ਮੁੱਦੇ
NEXT STORY