ਬਰਨਾਲਾ (ਪੁਨੀਤ ਮਾਨ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ 9 ਨਵੰਬਰ ਨੂੰ ਸੱਦੇ ਗਏ ਇਜਲਾਸ 'ਤੇ ਅਕਾਲੀ ਦਲ ਤੋਂ ਬਾਗ਼ੀ ਹੋਏ ਐੱਸ. ਜੀ. ਪੀ. ਸੀ. ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸਵਾਲ ਚੁੱਕੇ ਹਨ। ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਜਨਰਲ ਇਜਲਾਸ ਹਰ ਸਾਲ ਨਵੰਬਰ ਦੇ ਅਖ਼ੀਰ ਵਿਚ ਹੁੰਦਾ ਹੈ, ਪਰ ਇਸ ਸਾਲ ਇਹ 20 ਦਿਨ ਪਹਿਲਾਂ ਰੱਖਿਆ ਗਿਆ ਹੈ। ਇਨ੍ਹਾਂ ਦਿਨਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਮਾਗਮਾਂ ਸਬੰਧੀ ਸਮੂਹ ਐੱਸ. ਜੀ. ਪੀ. ਸੀ. ਮੈਂਬਰ ਆਪੋ-ਆਪਣੇ ਇਲਾਕਿਆਂ 'ਚ ਡਿਊਟੀਆਂ 'ਤੇ ਰੁੱਝੇ ਹੁੰਦੇ ਹਨ। ਕੁੱਝ ਮੈਂਬਰ ਪਾਕਿਸਤਾਨ ਗਏ ਹੋਏ ਹਨ। ਇਸ ਲਈ ਇਸ ਇਜਲਾਸ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਨੇ ਵਿਰੋਧੀਆਂ ਦੇ ਇਕਜੁੱਟ ਹੋਣ ਦੇ ਡਰ ਤੋਂ ਚੋਣਾਂ ਪਹਿਲਾਂ ਕਰਵਾਉਣ ਦਾ ਫ਼ੈਸਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - SGPC ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਕਹਿ ਦਿੱਤੀ ਵੱਡੀ ਗੱਲ
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਨ੍ਹਾਂ ਦੇ ਲਿਫ਼ਾਫ਼ੇ 'ਚੋਂ ਨਹੀਂ ਨਿਕਲੇਗਾ, ਇਸ ਲਈ ਸੁਖਬੀਰ ਬਾਦਲ ਇਕੱਲੇ ਇਕੱਲੇ ਮੈਂਬਰ ਦੇ ਘਰ ਜਾ ਕੇ ਉਸ ਨਾਲ ਰਾਬਤਾ ਕਾਇਮ ਕਰ ਰਹੇ ਹਨ। ਉਨ੍ਹਾਂ ਨੂੰ ਵੀ ਸੁਖਬੀਰ ਬਾਦਲ ਦਾ ਫੋਨ ਆਇਆ ਸੀ ਜਦਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਿਆ ਹੋਇਆ ਹੈ। ਸੁਖਬੀਰ ਬਾਦਲ ਵੱਲੋਂ ਪੰਥ ਨੂੰ ਵੋਟ ਪਾਉਣ ਦੀ ਅਪੀਲ 'ਤੇ ਉਨ੍ਹਾਂ ਕਿਹਾ ਕਿ ਉਹ ਪੰਥ ਨੂੰ ਜ਼ਰੂਰ ਵੋਟ ਪਾਉਣਗੇ ਪਰ ਬਾਦਲਾਂ ਵੱਲੋਂ ਬਣਾਏ ਪੰਥ ਨੂੰ ਨਹੀਂ। ਉਨ੍ਹਾਂ ਕਿਹਾ ਕਿ ਉਹ ਕਦੀ ਵੀ ਅਕਾਲੀ ਦਲ ਜਾਂ ਐੱਸ. ਜੀ. ਪੀ. ਸੀ. ਦੇ ਨਹੀਂ, ਸੁਖਬੀਰ ਬਾਦਲ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਹਨ। ਸੁਖਬੀਰ ਬਾਦਲ ਨੇ ਹਮੇਸ਼ਾ ਪੰਥ ਵਿਰੋਧੀਆਂ ਨੂੰ ਅੱਗੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਸ ਚੋਣ 'ਚ ਉਹ ਲਿਫ਼ਾਫ਼ਾ ਕਲਚਰ ਦੇ ਖ਼ਿਲਾਫ਼ ਬਾਗੀ ਧੜੇ ਦਾ ਸਾਥ ਦੇਣਗੇ ਤਾਂ ਜੋ ਜਮਹੂਰੀਅਤ ਦੀ ਜਿੱਤ ਹੋ ਸਕੇ।
ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ 'ਚ ਬਣਾਏ ਜਾਣ ਵਾਲੇ ਡੇਰੇ ਦੇ ਐਲਾਨ 'ਤੇ ਵੀ ਉਨ੍ਹਾਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਐੱਸ. ਜੀ. ਪੀ. ਸੀ. ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ 'ਤੇ ਚੁੱਪੀ ਤੋੜ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਇਸ ਸੰਘਰਸ਼ 'ਚ ਅੱਗੇ ਹੋਣਾ ਚਾਹੀਦਾ ਹੈ ਤੇ ਇਸ ਡੇਰੇ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਕਰਕੇ ਹੀ ਭਾਜਪਾ ਵੱਲੋਂ ਇਕ ਕਾਤਲ ਤੇ ਬਲਾਤਕਾਰੀ ਬਾਬੇ ਨੂੰ ਵਾਰ-ਵਾਰ ਪੈਰੋਲ ਦਵਾਈ ਜਾ ਰਹੀ ਹੈ।
ਪੰਜਾਬ 'ਚ ਨਿੱਤ ਲੱਗਦੇ 'ਜਾਮ' ਕਾਰਨ ਬਰਬਾਦ ਹੋ ਰਹੀ ਜ਼ਿੰਦਗੀ, ਕਿਸੇ ਦੀ ਨੌਕਰੀ ਤਾਂ ਕਿਸੇ ਦੀ ਜਾਂਦੀ ਹੈ ਜਾਨ
NEXT STORY