ਬਰਗਾੜੀ(ਜ. ਬ.)- ਪੰਥਕ ਮੰਗਾਂ ਸਬੰਧੀ ਨਾ ਹੀ ਅਕਾਲੀ-ਭਾਜਪਾ ਸਰਕਾਰ ਨੇ ਗੰਭੀਰਤਾ ਦਿਖਾਈ ਅਤੇ ਨਾ ਹੀ ਮੌਜੂਦਾ ਸਰਕਾਰ ਇਨ੍ਹਾਂ ਪ੍ਰਤੀ ਗੰਭੀਰ ਜਾਪਦੀ ਹੈ, ਜਿਸ ਦੀ ਉਦਾਹਰਨ ਇਸ ਗੱਲ ਤੋਂ ਮਿਲਦੀ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਜਨਤਕ ਕਰਨ ਲਈ ਮੁੱਖ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ, ਪੰ੍ਰਤੂ ਇਨਸਾਫ ਮੋਰਚੇ ਦਾ ਅੱਜ 21ਵਾਂ ਦਿਨ ਹੋ ਚੱਲਿਆ ਹੈ, ਜਿਸ ਦੀ ਬਦੌਲਤ ਭਾਵੇਂ ਸਰਕਾਰ ਕੁੱਝ ਹਰਕਤ ਵਿਚ ਆਈ ਅਤੇ ਪੁਲਸ ਪ੍ਰਸ਼ਾਸਨ ਨੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਖਾਂ ਨੂੰ ਕੋਈ ਭਰੋਸਾ ਦਿਵਾਉਣ ਦੀ ਬਜਾਏ ਬਿੱਲਕੁੱਲ ਚੁੱਪੀ ਸਾਧੀ ਹੋਈ ਹੈ। ਉਨ੍ਹਾਂ ਮੰੰਗ ਕੀਤੀ ਕਿ ਪੰਜਾਬ ਸਰਕਾਰ ਪੰਥਕ ਮਸਲਿਆਂ ਦੇ ਹੱਲ ਸਬੰਧੀ ਗੰਭੀਰ ਹੋਵੇ ਤਾਂ ਕਿ ਸਿੱਖ ਕੌਮ ਨੂੰ ਕੋਈ ਸਖਤ ਫੈਸਲਾ ਲੈਣ ਦੀ ਲੋੜ ਨਾ ਪਵੇ। ਇਹ ਪ੍ਰਗਟਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਵਿਖੇ ਇਨਸਾਫ ਮੋਰਚੇ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੋਰਚੇ ਵਿਚ 'ਬਾਮਸੇਫ' ਦੇ ਪ੍ਰਧਾਨ ਵਾਮਨ ਮੇਸ਼ਰਾਮ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪੰਥਕ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਉਨ੍ਹਾਂ ਦੀ ਪੁਰਜ਼ੋਰ ਹਮਾਇਤ ਕੀਤੀ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੌਜੂਦਾ ਕੇਂਦਰ ਦੀ ਸਰਕਾਰ ਬਾਰੇ ਕਿਹਾ ਕਿ ਮੇਕ-ਇੰਨ ਇੰਡੀਆ ਦੇ ਨਾਅਰੇ ਦੇਣ ਵਾਲੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਸਲ ਵਿਚ ਅੰਦਰੋਂ ਖੋਖਲੀ ਹੈ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਲਗਭਗ ਸਵਾ ਸੌ ਕਰੋੜ ਤੋਂ ਉਪਰ ਦੀ ਅਬਾਦੀ ਵਾਲੇ ਭਾਰਤ 'ਚ ਸਿਰਫ਼ ਗਿਆਰਾਂ ਮੈਂਬਰੀ ਫੁੱਟਬਾਲ ਦੀ ਟੀਮ ਤਿਆਰ ਹੋ ਕੇ ਰੂਸ ਵਿਖੇ ਹੋ ਰਹੇ ਵਿਸ਼ਵ ਕੱਪ ਵਿਚ ਨਹੀਂ ਪਹੁੰਚ ਸਕੀ। ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਯੋਗਾ ਦਿਵਸ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖ ਕੌਮ ਹਰਗਿਜ਼ ਇਸ ਦਿਵਸ ਨੂੰ ਮਾਨਤਾ ਨਹੀਂ ਦੇਵੇਗੀ ਕਿਉਂਕਿ ਉਹ ਇਸ ਦਿਨ ਨੂੰ ਕੌਮਾਂਤਰੀ ਗੱਤਕਾ ਦਿਵਸ ਦੇ ਤੌਰ 'ਤੇ ਪਿਛਲੇ ਤਿੰਨ ਸਾਲਾਂ ਤੋਂ ਮਨਾਉਂਦੀ ਆ ਰਹੀ ਹੈ। ਇਸ ਸਮੇਂ ਸੁਰਜੀਤ ਸਿੰਘ ਅਰਾਈਆਂਵਾਲਾ, ਬੂਟਾ ਸਿੰਘ ਰਣਸੀਂਹ ਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵਿੰਦਰ ਸਿੰਘ ਸਾਹੋਕੇ, ਕਰਨੈਲ ਸਿੰਘ ਨਾਰੀਕੇ, ਰਣਜੀਤ ਸਿੰਘ ਵਾਂਦਰ, ਜਥੇਦਾਰ ਸੁਖਦੇਵ ਸਿੰਘ ਪੰਜਗਰਾਈਂ, ਗੁਰਜੰਟ ਸਿੰਘ ਕੱਟੂ, ਇਕਬਾਲ ਸਿੰਘ ਬਰੀਵਾਲਾ, ਇੰਦਰਜੀਤ ਸਿੰਘ, ਕਰਨੈਲ ਸਿੰਘ ਸਖੀਰਾ, ਕਰਮ ਸਿੰਘ ਭੋਈਆ, ਸੁਖਪਾਲ ਸਿੰਘ ਬਰਗਾੜੀ, ਅਮਰ ਸਿੰਘ ਬਰਗਾੜੀ, ਇਕਬਾਲ ਸਿੰਘ ਸੰਧੂ, ਗੁਰਭਿੰਦਰ ਸਿੰਘ, ਪ੍ਰਿਤਪਾਲ ਸਿੰਘ ਬਰਗਾੜੀ, ਗੁਰਮੁਖ ਸਿੰਘ ਬਰਗਾੜੀ, ਭਾਈ ਮੱਖਣ ਸਿੰਘ ਖਾਲਸਾ ਸਿਵੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
ਸਿਵਲ ਸਰਜਨ ਵੱਲੋਂ ਜ਼ਿਲਾ ਮਾਤਰੀ ਮੌਤ ਦਰ ਘਟਾਉਣ ਸਬੰਧੀ ਮੀਟਿੰਗ
NEXT STORY