ਲੁਧਿਆਣਾ : ਸੂਬੇ ਦੀ ਸਭ ਤੋਂ ਵੱਡੀ ਨਗਰ-ਨਿਗਮ ਲੁਧਿਆਣਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਅੱਜ ਹੋ ਗਈ ਹੈ, ਜਿਸ ਵਿਚ ਬਲਕਾਰ ਸਿੰਘ ਸੰਧੂ ਨੂੰ ਮੇਅਰ, ਸ਼ਾਮ ਸੁੰਦਰ ਮਲਹੋਤਰਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸਰਬਜੀਤ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ ਹੈ।
ਸਥਾਨਕ ਨਗਰ-ਨਿਗਮ ਦੇ ਜ਼ੋਨ-ਏ-ਦਫ਼ਤਰ ਵਿਖੇ ਚੋਣ ਲਈ ਅੱਜ ਹਾਊਸ ਦੀ ਇਕੱਤਰਤਾ ਹੋਈ, ਜਿਸ ਦੌਰਾਨ ਵੀ. ਕੇ. ਮੀਨਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਨੇ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ, ਜਿਸ ਉਪਰੰਤ ਤਿੰਨੇ ਅਹੁਦਿਆਂ ਦੀ ਚੋਣ ਲਈ ਸ਼ੁਰੂ ਕੀਤੀ ਗਈ ਪ੍ਰਕਿਰਿਆ ਵਿਚ ਬਲਕਾਰ ਸਿੰਘ ਸੰਧੂ ਨੂੰ ਮੇਅਰ, ਸ਼ਾਮ ਸੁੰਦਰ ਮਲਹੋਤਰਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸਰਬਜੀਤ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣ ਲਿਆ ਗਿਆ। ਮੇਅਰ ਦੇ ਅਹੁਦੇ ਲਈ ਬਲਕਾਰ ਸਿੰਘ ਸੰਧੂ ਦਾ ਨਾਮ ਕੌਂਸਲਰ ਮਮਤਾ ਆਸ਼ੂ ਅਤੇ ਕੌਂਸਲਰ ਗੁਰਦੀਪ ਸਿੰਘ ਨੀਟੂ ਨੇ ਪੇਸ਼ ਕੀਤਾ, ਜਿਸ ਨੂੰ ਸਾਰੇ ਹਾਊਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਮੇਅਰ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਉਪਰਾਲੇ ਕਰਨਗੇ। ਉਨ੍ਹਾਂ ਦੀ ਪਹਿਲ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ, ਇਸ ਦੌਰਾਨ ਜੋ ਮੁੱਦੇ ਪ੍ਰਮੁੱਖ ਹੋਣਗੇ, ਉਹੀ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਰ ਕੰਮ ਉਨ੍ਹਾਂ ਦੀ ਪਹਿਲ ਰਹੇਗੀ।
ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ (ਸਾਰੇ ਵਿਧਾਇਕ), ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪੰਜਾਬ ਦਾ ਵਿੱਤੀ ਬਜਟ ਕਾਗਜ਼ੀ ਤੇ ਅਸਲੀਅਤ ਤੋਂ ਦੂਰ: ਰਾਕੇਸ਼ ਰਾਠੌਰ
NEXT STORY