ਫਗਵਾੜਾ (ਜਲੋਟਾ) – ਬੈਂਕ ਆਫ਼ ਇੰਡੀਆ ਫਗਵਾੜਾ ਦੇ ਮੈਨੇਜਰ ਵਲੋਂ ਬੈਂਕ ’ਚ ਖਾਤਾ ਖੋਲ੍ਹਣ ਲਈ ਪੈਸੇ ਲੈ ਕੇ ਖਾਤਾ ਨਾ ਖੋਲ੍ਹ ਕੇ ਪੈਸੇ ਹੋਰ ਥਾਂ ਆੜ੍ਹਤੀਏ ਪਾਸ ਲੱਗਾ ਕੇ ਕਰੀਬ 22,53,897 ਰੁਪਏ ਦੀ ਧੋਖਾਧੇਹੀ ਕਰਨ ਦੇ ਸਬੰਧ ’ਚ ਸਿਟੀ ਪੁਲਸ ਨੇ ਬੈਂਕ ਮੈਨੇਜਰ ਤੇ ਇੱਕ ਆੜ੍ਹਤੀਏ ਖਿਲਾਫ਼ ਧਾਰਾ 420 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਕਰਤਾ ਜਸਬੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਰੇਲਵੇ ਰੋਡ ਜੋ ਕਾਰੋਬਾਰੀ ਹੈ ਉਸ ਦੀ ਬੈਂਕ ਆਫ਼ ਇੰਡੀਆ ਦੇ ਫਗਵਾੜਾ ਬ੍ਰਾਂਚ ਮੈਨੇਜਰ ਨਿਰਮਲ ਸਿੰਘ ਨਾਲ ਚੰਗੀ ਜਾਣ ਪਛਾਣ ਸੀ ਤੇ ਜਾਣਕਾਰ ਸੀ।
ਮੈਨੇਜਰ ਨੇ ਸ਼ਿਕਾਇਤ ਕਰਤਾ ਨੂੰ ਭਰੋਸਾ ਦਿੱਤਾ ਕਿ ਉਹ ਉਸਦੇ ਬੈਂਕ ’ਚ ਇੱਕ ਖਾਤਾ ਖੁਲਵਾਏ ਤੇ ਉਹ ਉਸਦੇ ਪੈਸੇ ਚੰਗੀਆਂ ਸਰਕਾਰੀ ਬੈਂਕ ਦੀਆਂ ਸਕੀਮਾ ’ਚ ਲੱਗਾ ਕੇ ਉਸ ਨੂੰ ਲਾਭ ਦੁਆਵੇਗਾ। ਜਿਸ ਦੇ ਭਰੋਸੇ ’ਤੇ ਉਸਨੇ ਸ਼ਿਕਾਇਤ ਕਰਤਾ ਪਾਸੋਂ ਲੱਖਾਂ ਰੁਪਏ ਦੀ ਨਕਦੀ ਵੱਖ-ਵੱਖ ਤਾਰੀਖਾਂ ਨੂੰ ਲੈ ਲਈ ਪਰ ਉਸ ਵਲੋਂ ਬੈਂਕ ’ਚ ਨਾ ਹੀ ਖਾਤਾ ਖੋਲ੍ਹਿਆ ਅਤੇ ਨਾ ਹੀ ਪੈਸੇ ਨੂੰ ਕਿਤੇ ਇੰਨਵੈੱਸਟ ਕੀਤਾ।
ਜਦੋਂ ਸ਼ਿਕਾਇਤ ਕਰਤਾ ਨੂੰ ਇਸ ਦੀ ਭਿੱਣਖ ਪਈ ਤੇ ਉਸ ਵਲੋਂ ਬੈਂਕ ਮੈਨੇਜਰ ਪਾਸੋਂ ਕਾਗਜ਼ਾ ਦੀ ਮੰਗ ਕੀਤੀ ਤਾਂ ਉਹ ਆਨਾ ਕਾਨੀ ਕਰਨ ਲੱਗ ਪਿਆ ਅਤੇ ਜ਼ਿਆਦਾ ਜ਼ੋਰ ਪਾਉਣ 'ਤੇ ਉਸ ਨੇ ਇੱਕ ਆੜ੍ਹਤੀਏ ਦੇ ਕਾਗਜ਼ਾਤ ਉਸ ਦੇ ਹੱਥ ਫੜਾ ਦਿੱਤੇ ਅਤੇ ਭਰੋਸਾ ਦੇ ਦਿੱਤਾ ਕਿ ਤੁਹਾਡੇ ਪੈਸੇ ਉਸਨੇ ਆਪਣੇ ਦੋਸਤ ਪਾਸ ਲਗਾਏ ਹਨ ਅਤੇ ਉਹ ਮਿਲ ਕੇ ਕੰਮ ਕਰਦੇ ਹਨ। ਉਸਦੇ ਖਾਤੇ 'ਤੇ ਕਾਫ਼ੀ ਹਿਸਾਬ ਕਿਤਾਬ ਸਾਡੀ ਬੈਂਕ ’ਚ ਹੈ। ਜਦੋਂ ਸ਼ਿਕਾਇਤ ਕਰਤਾ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਮੈਨੇਜਰ ਨੇ ਆੜ੍ਹਤੀਏ ਦੇ ਚੈੱਕ ਉਸਦੇ ਹੱਥ ਫੜਾ ਦਿੱਤੇ ਜੋ ਪਾਸ ਨਹੀਂ ਹੋ ਸਕੇ।
ਸ਼ਿਕਾਇਤਕਰਤਾ ਪਿਛਲੇ ਕਰੀਬ ਦੋ ਸਾਲ ਤੋਂ ਆਪਣੇ ਪੈਸਿਆਂ ਦੀ ਮੰਗ ਕਰਦਾ ਆ ਰਿਹਾ ਹੈ ਪਰ ਉਸ ਵਲੋਂ ਕੋਈ ਵੀ ਰਾਸ਼ੀ ਵਾਪਸ ਨਹੀਂ ਦਿੱਤੀ ਗਈ ਅਤੇ ਉੱਲਟਾ ਬੈਂਕ ਮੈਨੇਜਰ ਅਤੇ ਆੜ੍ਹਤੀਏ ਨੇ ਇਸ ਸਬੰਧ ’ਚ ਪੱਲਾ ਝਾੜ ਦਿੱਤਾ। ਆੜ੍ਹਤੀਏ ਨੇ ਸ਼ਿਕਾਇਤ ਕਰਤਾ ਤੇ ਉਸਦੇ ਪਰਿਵਾਰਿਕ ਮੈਂਬਰਾ ਖਿਲਾਫ਼ ਅਦਾਲਤ ’ਚ ਉੱਲਟਾ ਕੇਸ ਦਾਇਰ ਕਰ ਦਿੱਤਾ। ਸ਼ਿਕਾਇਤ ਕਰਤਾ ਵਲੋਂ ਡੀ.ਆਈ.ਜੀ ਜਲੰਧਰ ਰੇਂਜ ਨੂੰ ਇਸ ਸਬੰਧੀ ਦਰਖਾਸਤ ਦਿੱਤੀ ਗਈ ਜਿਸ ਦੀ ਪੜਤਾਲ ਐਸ.ਪੀ. ਰੁਪਿੰਦਰ ਕੌਰ ਭੱਟੀ ਵਲੋਂ ਕੀਤੀ ਗਈ ਜਿਸ ’ਚ ਇਹ ਸਾਬਿਤ ਹੋਇਆ ਕਿ ਇਨ੍ਹਾਂ ਦੋਨਾਂ ਵਿਅਕਤੀਆਂ ਨੇ ਰਲ ਕੇ ਇਸ ਵਿਅਕਤੀ ਨਾਲ ਠੱਗੀ ਮਾਰੀ ਹੈ। ਜਿਸ ਸਬੰਧ ’ਚ ਡੀ.ਏ. ਲੀਗਲ ਦੀ ਰਾਏ ਤੋਂ ਬਾਅਦ ਐੱਸ.ਐੱਸ.ਪੀ. ਗੌਰਵ ਤੂਰਾ ਦੇ ਹੁਕਮਾ 'ਤੇ ਬੈਂਕ ਮੈਨੇਜਰ ਨਿਰਮਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਲੀ ਨੰਬਰ 1 ਪ੍ਰੀਤ ਨਗਰ ਫਗਵਾੜਾ ਅਤੇ ਆੜ੍ਹਤੀਏ ਦਵਿੰਦਰ ਸਿੰਘ ਪੁੱਤਰ ਸਵਰਨ ਸਿੰਘ (ਗੁਰੂ ਨਾਨਕ ਟ੍ਰੇਡਰਜ਼, ਦਾਣਾ ਮੰਡੀ) ਵਾਸੀ ਸਲਾਰਪੁਰ ਖਿਲਾਫ਼ ਕੇਸ ਦਰਜ ਕੀਤਾ ਹੈ।
ਘਰ 'ਚ ਲੱਗੀ ਕੁੰਡੀ ਫੜਨ ਗਏ ਲਾਈਨਮੈਨ ਨੂੰ ਅੰਦਰ ਡੱਕ ਕੇ ਚਾੜ੍ਹਿਆ ਕੁਟਾਪਾ, 'ਜੀਜਾ' ਕਹਿ ਕੇ ਛੁਡਾਈ ਜਾਨ
NEXT STORY