ਬਰਨਾਲਾ,(ਪੁਨੀਤ ਮਾਨ,ਵਿਵੇਕ ਸਿੰਧਵਾਨੀ, ਰਵੀ) : ਬੀਤੀ ਰਾਤ ਆਈ ਹਨੇਰੀ ਨੇ ਕਹਿਰ ਮਚਾ ਦਿੱਤਾ। ਬਰਨਾਲਾ 'ਚ ਵੱਖ-ਵੱਖ ਤਿੰਨ ਦਰਜਨ ਤੋਂ ਜ਼ਿਆਦਾ ਸਥਾਨਾਂ 'ਤੇ ਭਿਆਨਕ ਅੱਗ ਲੱਗੀ, ਜਿਸ 'ਚ 1000 ਏਕੜ ਤੋਂ ਵੀ ਜ਼ਿਆਦਾ ਨਾੜ ਮੱਚ ਕੇ ਸੁਆਹ ਹੋ ਗਈ। ਹਨੇਰੀ 'ਚ ਕਈ ਫੈਕਟਰੀਆਂ ਦੇ ਸ਼ੈੱਡ ਵੀ ਉੱਡ ਗਏ। ਵੱਖ-ਵੱਖ ਇਲਾਕਿਆਂ 'ਚ ਅੱਗ ਇੰਨੀ ਭਿਆਨਕ ਸੀ ਕਿ ਦੂਸਰੇ ਜ਼ਿਲਿਆਂ 'ਚੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ। ਅੱਗ ਨੇ ਖੇਤਾਂ ਤੋਂ ਇਲਾਵਾ ਘਰਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਅੱਗ ਬੁਝਾਉਣ ਲਈ ਵੱਖ-ਵੱਖ ਸਥਾਨਾਂ ਤੋਂ 16 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ, ਜਿਸ 'ਚ ਬਰਨਾਲਾ ਦੀਆਂ 3, ਏਅਰਫੋਰਸ ਸਟੇਸ਼ਨ ਦੀਆਂ 1, ਬਠਿੰਡਾ ਤੋਂ 2, ਰਾਮਪੁਰਾ ਤੋਂ 1, ਸਟੈਂਡਰਡ ਕੰਬਾਈਨ ਦੀ 1, ਟ੍ਰਾਈਡੈਂਟ ਗੁਰੱਪ ਦੀ 1, ਮੋਗਾ ਤੋਂ 2, ਸਮਾਣਾ ਤੋਂ 1, ਫਰੀਦਕੋਟ ਤੋਂ 1, ਕੋਟਕਪੁਰਾ ਤੋਂ 1, ਭਦੌੜ ਤੋਂ 1, ਮਾਲੇਰਕੋਟਲਾ ਤੋਂ 1 ਗੱਡੀ ਆਈ। 16 ਗੱਡੀਆਂ ਨੂੰ ਵੱਖ-ਵੱਖ ਸਥਾਨਾਂ 'ਤੇ ਅੱਗ ਬੁਝਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ।

ਇਨ੍ਹਾਂ ਥਾਵਾਂ 'ਤੇ ਲੱਗੀ ਅੱਗ
ਫਾਇਰ ਬ੍ਰਿਗੇਡ ਦੇ ਅਧਿਕਾਰੀ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀ ਰਾਤ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਫੋਨ ਵੱਜਦੇ ਰਹੇ। ਸਾਨੂੰ ਇਕ ਪਲ ਵੀ ਫੁਰਸਤ ਨਹੀਂ ਮਿਲੀ। ਜ਼ਿਲੇ ਦੇ ਵੱਖ-ਵੱਖ ਪਿੰਡਾਂ 'ਚ ਅੱਗ ਨੇ ਕਹਿਰ ਵਰਸਾਇਆ, ਜਿਨ੍ਹਾਂ ਸਥਾਨਾਂ 'ਤੇ ਅੱਗ ਲੱਗੀ ਉਨ੍ਹਾਂ 'ਚੋਂ ਕੋਠੇ ਵਾਹਿਗੁਰੂ ਕੋਟਦੁੰਨਾ, ਜੰਗਿਆਣਾ ਬੀੜ, ਟੱਲੇਵਾਲ, ਅਕਲੀਆਂ, ਜਲਾਲ, ਪੱਤੀ ਸੇਖਵਾਂ ਘਰ, ਖੇਤ, ਬਖਤਗੜ੍ਹ, ਧਨੌਲਾ, ਮੋਗਾ ਰੋਡ ਬਖਤਗੜ੍ਹ, ਰੂਮੀ ਕੋਝੇ ਪੱਤੀ ਰੋਡ ਘਰ, ਚੁੰਘਾ ਕੋਠੇ, ਪੱਤੀ ਰੋਡ, ਕੈਰੋਂ ਪਿੰਡ, ਠੀਕਰੀਵਾਲਾ ਰੋਡ, ਰਾਏਸਰ ਪੁਆਇੰਟ, ਕਾਂਸੀ ਰਾਮ ਪੈਟਰੋਲ ਪੰਪ ਅਤੇ ਦੋ ਪੰਪ ਹੋਰ, ਭੱਦਲਵੱਢ, ਬੱਸ ਸਟੈਂਡ ਬਰਨਾਲਾ ਨੇੜੇ, ਹੰਡਿਆਇਆ, ਸਰਬੋਤਮ ਅਕੈਡਮੀ ਖੁੱਡੀ ਰੋਡ, ਸੰਘੇੜਾ, ਜੋਧਪੁਰ, ਨਾਈਵਾਲਾ, ਕਲਾਲਾਂ, ਚੁਹਾਣਕੇ ਰੋਡ ਪੋਲਟਰੀ ਫਾਰਮ, ਖੇੜੀ, ਹਰੀਗੜ੍ਹ ਖੇਤ, ਕਿੰਗਜ਼ ਪੱਤੀ ਰੋਡ, ਫਰਵਾਹੀ ਅਤੇ ਸੇਖਾਂ ਰੋਡ, ਕੱਟੂ ਉਪਲੀ ਰੋਡ, ਭਾਈ ਮੂਲ ਚੰਦ, ਗੁਰਦੁਆਰਾ ਕੌਂਝੇ, ਸ਼ਹਿਣੇ ਘਰਾਂ ਨੂੰ, ਜਗਿੰਦਰਪਾਲ ਸ਼ਹਿਣਾ ਖੇਤਾਂ ਨੂੰ, ਰਾਏਕੋਟ ਰੋਡ, ਗਹਿਲਾ ਅਤੇ ਮਾਛੀਕੇ, ਮੱਲ੍ਹੀਆਂ ਪਿੰਡਾਂ ਵਿਚ ਭਿਆਨਕ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਆਸਮਾਨ ਵੀ ਲਾਲ ਹੋ ਗਿਆ।

ਅੱਗ ਦੇ ਡਰੋਂ ਲੋਕ ਆਏ ਆਪਣੇ ਘਰਾਂ ਤੋਂ ਬਾਹਰ, ਬੱਚੇ ਸਹਿਮੇ
ਬਰਨਾਲਾ ਜ਼ਿਲੇ ਵਿਚ ਅੱਗ ਇੰਨੀ ਭਿਆਨਕ ਸੀ ਕਿ ਲੋਕ ਦਹਿਸ਼ਤ ਵਿਚ ਆ ਗਏ। ਇਕ ਦੂਸਰੇ ਨੂੰ ਫੋਨ ਕਰਨ ਲੱਗੇ। ਕਈ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਕਿ ਕਿਤੇ ਅੱਗ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਹੀ ਨਾ ਲੈ ਲਵੇ ਕਈ ਘਰਾਂ ਨੂੰ ਤਾਂ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ। ਕਈ ਥਾਵਾਂ 'ਤੇ ਪਸ਼ੂਆਂ ਨੂੰ ਵੀ ਅੱਗ ਨੇ ਕਈ ਥਾਵਾਂ 'ਤੇ ਪਸ਼ੂਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਅਤੇ ਪਸ਼ੂ ਝੁਲਸੇ ਗਏ। ਕੁਝ ਸਥਾਨਾਂ 'ਤੇ ਤਾਂ ਅਨਾਊਂਸਮੈਂਟ ਵੀ ਕੀਤੀ ਗਈ ਕਿ ਲੋਕ ਆਪਣੇ ਘਰੋਂ ਬਾਹਰ ਆ ਜਾਣ। ਜਦੋਂ ਫਾਇਰ ਬ੍ਰਿਗੇਡ ਅਧਿਕਾਰੀ ਤੋਂ ਪੁੱਛਿਆ ਗਿਆ ਕਿ ਵੱਖ- ਵੱਖ ਸਥਾਨਾਂ 'ਤੇ ਲੱਗੀ ਅੱਗ ਵਿਚ ਕਿੰਨਾ ਨੁਕਸਾਨ ਹੋ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਨੁਕਸਾਨ ਦਾ ਅਨੁਮਾਨ ਨਹੀਂ ਲਾਇਆ ਜਾ ਸਕਿਆ। ਸਾਡੇ ਵਲੋਂ ਰਿਪੋਰਟ ਚੰਡੀਗੜ੍ਹ ਭੇਜੀ ਜਾ ਰਹੀ ਹੈ। ਵੱਖ-ਵੱਖ ਸਥਾਨਾਂ 'ਤੇ ਜਾਇਜ਼ਾ ਲੈਣ ਮਗਰੋਂ ਹੀ ਨੁਕਸਾਨ ਬਾਰੇ ਦੱਸਿਆ ਜਾ ਸਕਦਾ ਹੈ।
ਅੰਬਰੋਂ ਵਰ੍ਹਦੀ ਅੱਗ ਨੇ ਛੁਡਾਏ ਲੋਕਾਂ ਦੇ ਪਸੀਨੇ, ਮਿਲੇਗੀ ਕੁਝ ਰਾਹਤ
NEXT STORY