ਤਪਾ ਮੰਡੀ(ਸ਼ਾਮ,ਗਰਗ) : ਗੁਆਂਢਣ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਬੀਤੀ ਰਾਤ ਪਤੀ ਵੱਲੋਂ ਪਤਨੀ ਦੇ ਸਿਰ 'ਚ ਲੱਕੜ ਦਾ ਬਾਲਾ ਮਾਰ ਕੇ ਕਤਲ ਕਰਨ ਅਤੇ ਪੁੱਤਰ ਨੂੰ ਜ਼ਖਮੀ ਕਰਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਬ-ਡਵੀਜ਼ਨਲ ਹਸਪਤਾਲ ਤਪਾ 'ਚ ਮ੍ਰਿਤਕਾ ਦੇ ਭਰਾ ਪਰਮਜੀਤ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਉਸ ਦੀ ਭੈਣ ਮਨਦੀਪ ਕੌਰ (47) ਦਾ ਵਿਆਹ ਅੱਜ ਤੋਂ ਲਗਭਗ 22 ਸਾਲ ਪਹਿਲਾਂ ਪਿੰਡ ਉਗੋਕੇ ਦੇ ਸ਼ਹਿਬਰ ਸਿੰਘ ਨਾਲ ਹੋਇਆ ਸੀ। ਇਨ੍ਹਾਂ ਦੀਆਂ 3 ਲੜਕੀਆਂ ਅਤੇ 1 ਲੜਕਾ ਹੈ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਸ਼ਹਿਬਰ ਸਿੰਘ ਨੇ ਆਪਣੀ ਗੁਆਂਢਣ ਨਾਲ ਨਾਜਾਇਜ਼ ਸੰਬੰਧ ਬਣਾ ਲਏ ਸਨ, ਜਿਸ ਤੋਂ ਉਸ ਦੀ ਭੈਣ ਉਸ ਨੂੰ ਅਕਸਰ ਰੋਕਦੀ ਸੀ ਪਰ ਉਸ ਨੇ ਗੁਆਂਢਣ ਦੇ ਘਰ ਜਾਣਾ ਬੰਦ ਨਹੀਂ ਕੀਤਾ, ਜਿਸ ਕਾਰਨ ਘਰ 'ਚ ਕਲੇਸ਼ ਰਹਿੰਦਾ ਸੀ। ਕਈ ਵਾਰ ਤਾਂ ਸਮਝਾਉਣ ਦੀ ਕੋਸ਼ਿਸ ਵੀ ਕੀਤੀ ਗਈ। ਇੱਥੋਂ ਤੱਕ ਕਿ ਇਹ ਮਾਮਲਾ ਥਾਣੇ ਤੱਕ ਵੀ ਗਿਆ ਪਰ ਪੰਚਾਇਤਾਂ ਸਾਹਮਣੇ ਮਿੰਨਤਾਂ ਕਰਨ ਤੋਂ ਬਾਅਦ ਫਿਰ ਉਹੀ ਹਰਕਤਾਂ 'ਤੇ ਆ ਜਾਂਦਾ। ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋ ਰਿਹਾ ਸੀ, ਜਦੋਂ ਬੱਚਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਲੱਕੜ ਦਾ ਬਾਲਾ ਮਾਰ ਦਿੱਤਾ, ਜੋ ਮਨਦੀਪ ਕੌਰ ਦੇ ਸਿਰ 'ਤੇ ਜਾ ਵੱਜਿਆ। ਮਨਦੀਪ ਕੌਰ ਦੇ ਸਿਰ 'ਚੋਂ ਖੂਨ ਵਗਦਾ ਦੇਖ ਪਿੰਡ ਵਾਸੀਆਂ ਅਤੇ ਬੱਚਿਆਂ ਉਸ ਨੂੰ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਸੰਬੰਧੀ ਬੱਚਿਆਂ ਨੇ ਹੀ ਆਪਣੇ ਮਾਮਾ ਪਰਮਜੀਤ ਸਿੰਘ ਨੂੰ ਜਾਣਕਾਰੀ ਦਿੱਤੀ ਸੀ।
ਐਸ.ਐਚ.ਓ.ਸ਼ਹਿਣਾ ਸਰਦਾਰਾ ਸਿੰਘ ਨੇ ਦੱਸਿਆ ਕਿ ਇਸ ਹਮਲੇ ਵਿਚ ਜ਼ਖਮੀ ਮ੍ਰਿਤਕਾਂ ਦੇ ਪੁੱਤਰ ਹਰਵਿੰਦਰ ਸਿੰਘ ਦੇ ਬਿਆਨਾਂ 'ਤੇ ਪਤੀ ਸ਼ਹਿਬਰ ਸਿੰਘ ਅਤੇ ਉਸ ਦੀ ਪ੍ਰੇਮਿਕਾ ਰਣਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਅਜੇ ਫਰਾਰ ਦੱਸੇ ਜਾ ਰਹੇ ਹਨ। ਜ਼ਖਮੀ ਹਰਵਿੰਦਰ ਸਿੰਘ ਹਸਪਤਾਲ ਤਪਾ ਵਿਚ ਜ਼ੇਰੇ ਇਲਾਜ ਹੈ।
ਲੁਧਿਆਣਾ ਦੀ ਕੇਂਦਰੀ ਜੇਲ 'ਚ ਫਿਰ ਭਿੜੇ ਕੈਦੀ, 3 ਜ਼ਖਮੀਂ (ਵੀਡੀਓ)
NEXT STORY