ਬਰਨਾਲਾ (ਪੁਨੀਤ ਮਾਨ) : ਇਨਸਾਨ ਦਾ ਜਜ਼ਬਾ ਉਸ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਸ ਨੂੰ ਸਾਰਥਕ ਕੀਤਾ ਇਸ 38 ਸਾਲਾ ਸਕੂਟਰ ਮੈਕੇਨਿਕ ਜਗਵਿੰਦਰ ਸਿੰਘ ਨੇ। ਇਸ 7ਵੀਂ ਪਾਸ ਮੈਕੇਨਿਕ ਨੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ ਬਰਨਾਲਾ ਦੇ ਜਗਵਿੰਦਰ ਸਿੰਘ ਨੇ ਇਕ ਮਿੰਨੀ ਟਰੈਕਟਰ ਤਿਆਰ ਕੀਤਾ ਹੈ।
ਜਗਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਣ ਤੋਂ ਹੀ ਟਰੈਕਟਰ ਬਣਾਉਣ ਦਾ ਸ਼ੌਂਕ ਸੀ ਅਤੇ ਉਹ ਬਚਪਣ ਵਿਚ ਲਕੜੀ ਦੇ ਟਰੈਕਟਰ ਬਣਾ ਕੇ ਖੇਡਦਾ ਹੁੰਦਾ ਸੀ। ਫਿਰ ਉਸ ਨੇ ਅਸਲੀ ਟਰੈਕਟਰ ਵਰਗਾ ਮਿੰਨੀ ਟਰੈਕਟਰ ਬਣਾਉਣ ਦਾ ਸੋਚਿਆ ਤੇ ਥ੍ਰੀ ਵ੍ਹੀਲਰ ਦਾ ਇੰਜਣ ਲਗਾ ਕੇ ਕਬਾੜ ਦੇ ਸਾਮਾਨ ਤੋਂ ਟਰੈਕਟਰ ਬਣਾ ਦਿੱਤਾ। ਜਗਵਿੰਦਰ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿਚ 75 ਤੋਂ 80 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਤੇ ਇਸ ਨੂੰ ਤਿਆਰ ਕਰਨ 'ਚ 5 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਿਆ ਹੈ।
ਉਸ ਨੇ ਦੱਸਿਆ ਕਿ ਇਹ ਮਿੰਨੀ ਟਰੈਕਟਰ ਵੱਡੇ ਟਰੈਕਟਰ ਦੀ ਤਰ੍ਹਾਂ ਹੀ ਖੇਤੀ ਦੇ ਸਾਰੇ ਕੰਮ ਜਿਵੇਂ ਖੇਤਾਂ ਤੋਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਆਉਣਾ, ਖੇਤਾਂ ਵਿਚ ਖਾਦ ਪਾਉਣਾ ਆਦਿ ਕੰਮ ਕਰਦਾ ਹੈ।
ਜਗਵਿੰਦਰ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਦੇਸ਼ 'ਚ ਹੁਨਰ ਦੀ ਕਮੀ ਨਹੀਂ। ਬਹੁਤ ਸਾਰੇ ਅਜਿਹੇ ਲੋਕ ਹਨ ਜੋ ਆਪਣੀਆਂ ਨਿਵੇਕਲੀਆਂ ਖੋਜਾਂ ਨਾਲ ਕੁਝ ਕਰ ਵਿਖਾਉਣ ਦਾ ਦਮ ਰੱਖਦੇ ਹਨ। ਬੱਸ ਲੋੜ ਹੈ ਅਜਿਹੇ ਲੋਕਾਂ ਨੂੰ ਸਹੀ ਪਲੇਟਫਾਰਮ ਮਿਲਣ ਦੀ।
ਹਵਾ ਅਤੇ ਮਿੱਟੀ 'ਚ ਮੌਜੂਦ ਖੁਰਾਕੀ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਂਦੇ ਨੇ 'ਜੀਵਾਣੂ'
NEXT STORY