ਬਰਨਾਲਾ(ਪੁਨੀਤ ਮਾਨ) : ਸੜਕਾਂ 'ਤੇ ਮੌਤ ਬਣ ਕੇ ਘੁੰਮ ਰਹੇ ਆਵਾਰਾ ਜਾਨਵਰਾਂ ਕਾਰਨ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ। ਹੁਣ ਤਾਜ਼ਾ ਮਾਮਲਾ ਬਰਨਾਲਾ ਵਿਚ ਸਾਹਮਣੇ ਆਇਆ ਹੈ, ਜਿੱਥੇ ਅਵਾਰਾ ਪਸ਼ੂਆਂ ਦੇ ਕਹਿਰ ਕਾਰਨ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਬਰਨਾਲਾ ਦੇ ਪਿੰਡ ਮਲੀਆ ਦੇ 20 ਸਾਲਾ ਨੌਜਵਾਨ ਸੁਖਪ੍ਰੀਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਨੌਜਵਾਨ ਦੀ ਮੌਤ ਹੋਈ ਸੀ ਉਸੇ ਦਿਨ ਉਸ ਦਾ ਜਨਮਦਿਨ ਸੀ ਅਤੇ ਉਹ ਆਪਣੇ ਦੋਸਤਾਂ ਨੂੰ ਜਨਮਦਿਨ ਦੀ ਪਾਰਟੀ ਦੇਣ ਜਾ ਰਿਹਾ ਸੀ ਕਿ ਰਸਤੇ ਵਿਚ ਮੋਗਾ-ਚੰਡੀਗੜ੍ਹ ਹਾਈਵੇ 'ਤੇ ਸੁਖਪ੍ਰੀਤ ਦੇ ਮੋਟਰਸਾਈਕਲ ਵਿਚ ਆਵਾਰਾ ਢੱਠਾ ਆ ਵੱਜਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਸੁਖਪ੍ਰੀਤ ਦੋ ਭੈਣਾਂ ਦਾ ਇਕੱਲਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਫ਼ੌਜ ਵਿਚ ਭਰਤੀ ਹੋਣ ਲਈ ਕੈਂਪ ਵਿਚ ਤਿਆਰੀ ਕਰਨ ਜਾਂਦਾ ਸੀ। ਇਸ ਘਟਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ।
ਉਧਰ ਸ਼ਹਿਰ ਦੇ ਲੋਕ ਸੜਕਾਂ 'ਤੇ ਅਵਾਰਾ ਫਿਰ ਰਹੇ ਇਨ੍ਹਾਂ ਜਾਨਵਰਾਂ ਤੋਂ ਕਾਫੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਕਾਓ ਸੈਸ ਦੇ ਰੂਪ ਵਿਚ ਸਰਕਾਰਾਂ ਕਰੋੜਾਂ ਰੁਪਏ ਲੈਂਦੀ ਹੈ ਪਰ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ। ਉੱਧਰ ਜਦੋਂ ਬਰਨਾਲਾ ਦੇ ਐੱਸ. ਡੀ. ਐੱਮ. ਸੰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਗੰਭੀਰ ਸਮੱਸਿਆ 'ਤੇ ਕੋਈ ਗੰਭੀਰ ਜਵਾਬ ਨਹੀਂ ਦਿੱਤਾ ਪਰ ਇਨ੍ਹਾਂ ਕਾਰਨ ਇਕ ਵਾਰ ਫਿਰ ਇਕ ਘਰ ਦਾ ਚਿਰਾਗ ਬੁੱਝ ਗਿਆ।
ਨੈਨਾ ਦੇਵੀ ਜਾ ਰਹੇ ਪਰਿਵਾਰ 'ਤੇ ਟੁੱਟਿਆ ਕਹਿਰ, 12 ਸਾਲਾ ਬੱਚੀ ਦੀ ਮੌਤ (ਵੀਡੀਓ)
NEXT STORY