ਬਟਾਲਾ (ਮਠਾਰੂ) : ਦੁਬਈ ਦੇ ਸਿੱਖ ਸਰਦਾਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਆਬੂਧਾਬੀ ਵਿਖੇ ਮੌਤ ਦੇ ਮੂੰਹ ਵਿਚ ਗਏ 22 ਸਾਲਾਂ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ ਹੈ। ਦੱਸਣਯੋਗ ਹੈ ਕਿ ਸੁਨਿਹਰੀ ਭਵਿੱਖ ਦੀ ਤਲਾਸ਼ 'ਚ ਪਰਿਵਾਰ ਦੇ ਪਾਲਣ ਪੋਸ਼ਣ ਲਈ ਵਿਦੇਸ਼ ਦੀ ਧਰਤੀ ਆਬੂਧਾਬੀ ਵਿਖੇ ਗਏ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਸ਼ਾਹਪੁਰ ਜਾਜਨ ਦੇ ਪ੍ਰਭਦੀਪ ਸਿੰਘ (22) ਪੁੱਤਰ ਗੁਰਨਾਮ ਸਿੰਘ ਦੀ 17 ਅਪ੍ਰੈਲ 2020 ਨੂੰ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੀੜ੍ਹਤ ਪਰਿਵਾਰ ਵੱਲੋਂ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਵੱਖ-ਵੱਖ ਥਾਵਾਂ 'ਤੇ ਗੁਹਾਰ ਲਗਾਈ ਗਈ ਸੀ ਪਰ ਕਿਸੇ ਨੇ ਵੀ ਪਰਿਵਾਰ ਦੀ ਸਾਰ ਨਹੀਂ ਲਈ।
ਇਕ ਹਫ਼ਤਾ ਪਹਿਲਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਕਸ਼ਮੀਰ ਸਿੰਘ, ਗੁਰਨਾਮ ਸਿੰਘ ਤੇ ਸਿਕੰਦਰ ਸਿੰਘ ਨੇ ਜਦ ਇਹ ਮਾਮਲਾ ਸਰਬੱਤ ਦਾ ਭਲਾ ਟਰਸੱਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੇ ਧਿਆਨ ਵਿਚ ਲਿਆਦਾਂ ਤਾਂ ਉਨ੍ਹਾਂ ਤੁਰੰਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਨਾਲ ਗੱਲਬਾਤ ਕਰਦਿਆਂ ਗਰੀਬ ਪਰਿਵਾਰ ਦੇ ਪੁੱਤਰ ਦੀ ਮ੍ਰਿਤਕ ਦੇਹ ਆਬੂਧਾਬੀ ਤੋਂ ਪਿੰਡ ਲਿਆਉਣ ਲਈ ਅਪੀਲ ਕੀਤੀ। ਇਸ ਸਬੰਧੀ ਸਾਰੀ ਪ੍ਰਕਿਰਿਆਂ ਨੂੰ ਮੁਕੰਮਲ ਕਰਦਿਆਂ ਦੁਬਈ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸੀਨੀਅਰ ਨੁਮਾਇੰਦੇ ਅਤੇ ਡਾ. ਓਬਰਾਏ ਦੇ ਪੀ. ਆਰ. ਓ. ਬਲਦੀਪ ਸਿੰਘ ਚਾਹਲ ਅਤੇ ਆਬੂਧਾਬੀ ਦੀ ਇੰਡੀਅਨ ਐਬੰਸੀ ਸਮੇਤ ਇੰਡੀਅਨ ਕੌਸਲੇਟ ਨੂੰ ਸਾਰੇ ਕਾਗਜ਼ ਪੱਤਰ ਭੇਜ ਦਿੱਤੇ, ਤਾਂ ਜੋ ਨੌਜਵਾਨ ਪ੍ਰਭਦੀਪ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਸਕੇ।
ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆਂ ਕਿ ਟਰੱਸਟ ਦੇ ਮੁਖੀ ਡਾ. ਓਬਰਾਏ ਦੇ ਯਤਨਾਂ ਸਦਕਾ ਅਤੇ ਪੀ. ਆਰ. ਓ. ਬਲਦੀਪ ਸਿੰਘ ਚਾਹਲ ਦੇ ਸਹਿਯੋਗ ਨਾਲ 2 ਭੈਣਾਂ ਦੇ ਇਕਲੌਤੇ ਭਰਾ ਪ੍ਰਭਦੀਪ ਸਿੰਘ ਦੀ ਮ੍ਰਿਤਕ ਦੇਹ ਤੜਕਸਾਰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੀ, ਜਿਥੋਂ ਪਰਿਵਾਰਕ ਮੈਂਬਰ ਅਤੇ ਟਰੱਸਟ ਦੀ ਜ਼ਿਲਾ ਟੀਮ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਸ਼ਾਹਪੁਰ ਜਾਜਨ ਵਿਖੇ ਪਹੁੰਚੀ। ਅੰਤਿਮ ਸੰਸਕਾਰ ਮੌਕੇ ਮ੍ਰਿਤਕ ਪ੍ਰਭਦੀਪ ਦੇ ਮਾਤਾ-ਪਿਤਾ, ਭੈਣਾਂ ਅਤੇ ਪਰਿਵਾਰਿਕ ਮੈਬਰਾਂ ਸਮੇਤ ਪਿੰਡ ਦੇ ਸਰਪੰਚ ਮਖੱਣ ਸਿੰਘ ਤੋਂ ਇਲਾਵਾ ਇਲਾਕੇ ਦੇ ਲੋਕਾਂ ਵਲੋਂ ਸਰਬੱਤ ਦਾ ਭਲਾ ਟਰਸੱਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤੀ।
ਜਲੰਧਰ: ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ
NEXT STORY