ਬਟਾਲਾ (ਬੇਰੀ) : ਬਟਾਲਾ ਮਾਮਲੇ 'ਚ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਾਣਕਾਰੀ ਮੁਤਾਬਕ ਬੈਂਸ ਅੱਜ ਬਟਾਲਾ ਦੇ ਗਾਂਧੀ ਚੌਕ 'ਚ ਹਜ਼ਾਰਾਂ ਵਰਕਰਾਂ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਉਥੇ ਬਹੁਤ ਸਾਰੀਆਂ ਪੁਲਸ ਪਾਰਟੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਬੈਂਸ ਨੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਥੇ ਇਕੱਠੇ ਹੋਏ ਹਨ। ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਕਾਂਗਰਸ ਸਰਕਾਰ ਇਕ ਗੁੰਡਾਗਰਦੀ ਦੀ ਸਰਕਾਰ ਹੈ ਕਿਉਂਕਿ ਜੋ ਪਰਚਾ ਉਨ੍ਹਾਂ 'ਤੇ ਦਰਜ ਹੋਇਆ ਹੈ, ਉਹ ਡੀ. ਸੀ ਦੇ ਬਿਆਨਾਂ 'ਤੇ ਦਰਜ ਹੋਣ ਦੀ ਬਜਾਏ ਐੱਸ. ਡੀ. ਐੱਮ ਬਟਾਲਾ ਵਲੋਂ ਮੁੱਖ ਮੰਤਰੀ ਦੇ ਦਬਾਅ ਹੇਠ ਦਰਜ ਕੀਤਾ ਗਿਆ ਹੈ। ਇਸ ਦਾ ਮੁੱਖ ਕਾਰਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਾ ਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਜੋ ਕਿ 1100 ਕਰੋੜ ਦਾ ਸੀ, ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਮਰਜੀਤ ਸਿੰਘ ਬੈਂਸ ਨੇ ਕੀਤਾ।
ਬੈਂਸ ਨੇ ਕਿਹਾ ਕਿ 2017 'ਚ ਕੈਪਟਨ ਤੇ ਬਾਦਲਾਂ ਦਾ ਗੁਪਚੁੱਪ ਸਮਝੌਤਾ ਹੋਇਆ, ਜਿਸ ਤਹਿਤ ਬਾਦਲਾਂ ਨੇ ਚੋਣਾਂ ਆਉਣ ਤੋਂ ਪਹਿਲਾਂ-ਪਹਿਲਾਂ ਲੁਧਿਆਣਾ ਸੈਸ਼ਨ ਕੋਰਟ 'ਚ ਅਰਜ਼ੀ ਦਿੱਤੀ ਕਿ ਇਹ ਸਕੈਮ ਨਹੀਂ ਹੋਇਆ ਤੇ ਇਸ 'ਤੇ ਉਹ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਜਿਸ ਸਬੰਧੀ ਉਨ੍ਹਾਂ ਨੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਜਿਸ ਤੋਂ ਬਾਅਦ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਚਿੰਤਾ ਸਤਾਉਣ ਲੱਗ ਪਈ ਹੈ ਤੇ ਇਸੇ ਬਦਲਾਖੋਰੀ ਦੀ ਭਾਵਨਾ ਤਹਿਤ ਕੈਪਟਨ ਵਲੋਂ ਉਨ੍ਹਾਂ 'ਤੇ ਕੇਸ ਦਰਜ ਕਰਵਾਇਆ ਗਿਆ ਹੈ।
ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਘੱਟੋ-ਘੱਟ ਪ੍ਰਤੀ ਪਰਿਵਾਰ 50 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਸਰਕਾਰੀ ਨੌਕਰੀ ਦੇਵੇ ਤਾਂ ਜੋ ਉਨ੍ਹਾਂ ਦੇ ਪਰਿਵਾਰ ਆਪਣੀ ਗੁਜ਼ਰ ਬਸਰ ਕਰ ਸਕਣ। ਬੈਂਸ ਨੇ ਕਿਹਾ ਕਿ ਸਰਕਾਰ ਉਕਤ ਦੁਖਾਂਤ ਦੇ ਜ਼ਿੰਮੇਵਾਰ ਅਫਸਰਾਂ ਵਿਰੁੱਧ ਐੱਫ. ਆਈ. ਆਰ ਦਰਜ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਤੇ ਅਫਸਰ ਜਨਤਾ ਦੇ ਨੌਕਰ ਹਨ ਕਿਉਂਕਿ ਉਹ ਲੋਕਾਂ ਪ੍ਰਤੀ ਜੁਆਬਦੇਹ ਹਨ। ਬੈਂਸ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਬਣਦਾ ਇਨਸਾਫ ਨਾ ਦਿੱਤਾ ਤਾਂ ਉਹ ਕਾਨੂੰਨ ਦੀ ਲੜਾਈ ਲੜਨ ਲਈ ਮਜ਼ਬੂਰ ਹੋਣਗੇ ਤੇ ਲੋਕ ਇਨਸਾਫ ਪਾਰਟੀ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਿਵਾ ਕੇ ਹੀ ਦਮ ਲਵੇਗੀ। ਉਨ੍ਹਾਂ ਕਿਹਾ ਕਿ ਅੱਜ ਜੋ ਇਹ ਜਨਸਭਾ ਕੀਤੀ ਗਈ ਹੈ, ਇਹ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਕੀਤੀ ਗਈ ਹੈ।
ਬੈਂਸ ਨੇ ਪੰਜਾਬ ਸਰਕਾਰ 'ਤੇ ਹੋਰ ਸਿਆਸੀ ਹਮਲਾ ਕਰਦਿਆਂ ਅੱਗੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਅਤੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ 'ਚ ਸਭ ਤੋਂ ਵੱਡੀ ਡਕੈਤ ਵਿਜੀਲੈਂਸ ਪੁਲਸ ਹੈ ਕਿਉਂਕਿ ਇਹੀ ਵਿਜੀਲੈਂਸ ਪੁਲਸ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਲੁਧਿਆਣਾ ਸੈਸ਼ਨ ਕੋਰਟ 'ਚ ਐਪਲੀਕੇਸ਼ਨ ਦਾਇਰ ਕਰਦੀ ਹੈ ਤੇ ਬਾਅਦ ਵਿਚ ਉਹੀ ਵਿਜੀਲੈਂਸ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਦੇਣ ਜਾਂਦੀ ਹੈ ਕਿ ਕੇਸ ਬੰਦ ਕਰ ਦਿੱਤਾ ਗਿਆ ਹੈ। ਬੈਂਸ ਨੇ ਕਿਹਾ ਕਿ ਸਰਕਾਰ ਉਨ੍ਹਾਂ 'ਤੇ ਪਰਚੇ ਦਰਜ ਕਰਵਾ ਕੇ ਉਨ੍ਹਾਂ ਦੀ ਆਵਾਜ਼ ਨਹੀਂ ਦਬਾਅ ਸਕਦੀ ਤੇ ਉਹ ਲੋਕਾਂ ਦੇ ਮਸਲੇ ਪੂਰੇ ਜ਼ੋਰ ਨਾਲ ਸਰਕਾਰ ਦੇ ਧਿਆਨ 'ਚ ਲਿਆਉਂਦੇ ਰਹਿਣਗੇ।
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਦੇ ਨਾਲ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ, ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ, ਮਾਝਾ ਜ਼ੋਨ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ, ਸੀਨੀਅਰ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਮਾਹਲ, ਧਾਰਮਿਕ ਵਿੰਗ ਪੰਜਾਬ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਲੁਧਿਆਣਾ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ, ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਹਰਮੀਤ ਸਿੰਘ ਐਡਵੋਕੇਟ, ਅੰਮ੍ਰਿਸਤਰ ਦੇ ਪ੍ਰਧਾਨ ਮਨਦੀਪ ਸਿੰਘ, ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ, ਪਠਾਨਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ, ਬਟਾਲਾ ਸਿਟੀ ਦੇ ਪ੍ਰਧਾਨ ਸ਼ੰਮੀ ਕੁਮਾਰ, ਤਰੁਣ ਕੁਮਾਰ, ਮਨਜੀਤ ਕੌਰ, ਗੋਕੁਲ, ਕਾਲੂ ਪ੍ਰਧਾਨ, ਵਿੱਕੀ ਬਾਜਵਾ, ਪਰਮਜੀਤ ਪੰਮਾ, ਸੰਨੀ ਕੈਂਥ, ਅਰਜਨ ਚੀਮਾ, ਬਲਜੀਤ ਸਿੰਘ, ਜਤਿੰਦਰ ਭੱਲਾ, ਸਿਕੰਦਰ ਪੰਨੂੰ, ਰਾਜਬੀਰ ਪੱਖੋਕੇ, ਚਰਨਜੀਤ ਭਿੰਡਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਲੱਗ-ਅਲੱਗ ਜ਼ਿਲਿਆਂ ਤੋਂ ਆਏ ਲੋਕ ਇਨਸਾਫ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ।
ਭਾਰਤੀ ਫੌਜ ਵਲੋਂ ਫੜੇ ਪਾਕਿ ਜਾਸੂਸ ਨੇ ਖੋਲ੍ਹੇ ਵੱਡੇ ਰਾਜ
NEXT STORY