ਬਠਿੰਡਾ (ਸੁਖਵਿੰਦਰ) : ਬਠਿੰਡਾ ਦੇ ਕੁਝ ਪਿੰਡਾਂ 'ਚ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਡੇਂਗੂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਬਠਿੰਡਾ 'ਚ ਹੁਣ ਤੱਕ ਡੇਂਗੂ ਦੇ 32 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20 ਮਰੀਜ਼ ਬਠਿੰਡਾ ਸ਼ਹਿਰ ਨਾਲ ਸਬੰਧਤ ਹਨ, ਜਦਕਿ ਹੋਰ ਕੁਝ ਮਰੀਜ਼ ਤਲਵੰਡੀ ਸਾਬੋ, ਗੋਨਿਆਣਾ ਤੇ ਹੋਰ ਬਲਾਕਾਂ ਦੇ ਹਨ। ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਆਉਣ ਵਾਲੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਕੁਝ ਕਮੀ ਆਉਣ ਦੇ ਸੰਭਾਵਨਾ ਹੈ ਪਰ ਫਿਲਹਾਲ ਮਰੀਜ਼ਾਂ ਦੀ ਗਿਣਤੀ ਵਧ ਹੀ ਰਹੀ ਹੈ।
ਡੇਂਗੂ ਦੇ ਨਾਲ-ਨਾਲ ਮਲੇਰੀਆ ਦੇ ਵੀ ਕਰੀਬ 125 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਸਾਰੇ ਬਾਲਕਾਂ 'ਚੋਂ ਲਗਭਗ 20-20 ਮਰੀਜ਼ ਸਾਹਮਣੇ ਆਏ ਹਨ। ਤਲਵੰਡੀ ਸਾਬੋ ਦੇ ਪਿੰਡ ਸੀਂਗੋ 'ਚ 6 ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਉਕਤ ਪਿੰਡ 'ਚ ਸੰਪੂਰਨ ਹੈਲਥ ਸਰਵੇਖਣ ਕਰਵਾ ਕੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰਵਾ ਦਿੱਤੇ ਗਏ ਸੀ। ਜ਼ਿਲੇ ਦੇ ਹੋਰ ਹਿੱਸਿਆਂ 'ਚੋਂ ਮਲੇਰੀਏ ਦੇ ਇਕੱਠੇ ਮਾਮਲੇ ਸਾਹਮਣੇ ਨਹੀਂ ਆਏ ਅਤੇ ਕੁਝ ਇਕ-ਦੋ ਕੇਸ ਹੀ ਆ ਰਹੇ ਹਨ।
ਦਵਾਈਆਂ ਬਾਹਰੋਂ ਲੈਣ ਨੂੰ ਮਜਬੂਰ ਮਰੀਜ਼
ਬੇਸ਼ੱਕ ਸਿਵਲ ਹਸਪਤਾਲ 'ਚ ਇਕ 16 ਬਿਸਤਰਿਆਂ ਦਾ ਡੇਂਗੂ ਵਾਰਡ ਸਥਾਪਤ ਕੀਤਾ ਗਿਆ ਹੈ ਤੇ ਅਧਿਕਾਰੀਆਂ ਵੱਲੋਂ ਡੇਂਗੂ ਦਾ ਪੂਰਾ ਇਲਾਜ ਮੁਫਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਰੀਜ਼ਾਂ ਨਾਲ ਗੱਲਬਾਤ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਮਰੀਜ਼ਾਂ ਨੂੰ ਕੁਝ ਦਵਾਈਆਂ ਬਾਹਰੋਂ ਲੈਣੀਆਂ ਪੈ ਰਹੀਆਂ ਹਨ। ਮਰੀਜ਼ਾਂ ਨੇ ਦੱਸਿਆ ਕਿ ਬੇਸ਼ੱਕ ਜ਼ਿਆਦਾਤਰ ਦਵਾਈਆਂ ਜਾਂ ਗਲੂਕੋਜ਼ ਦੀਆਂ ਬੋਤਲਾਂ ਹਸਪਤਾਲ 'ਚ ਹੀ ਮੁਹੱਈਆ ਹਨ ਪਰ ਕਈ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਹਨ, ਜਿਸ ਕਾਰਣ ਉਨ੍ਹਾਂ 'ਤੇ ਬੋਝ ਵਧਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ 'ਚ ਹੀ ਹਰ ਤਰ੍ਹਾਂ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣ।
ਨੋਡਲ ਅਧਿਕਾਰੀ ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਡੇਂਗੂ ਦੇ ਸੀਜ਼ਨ ਕਾਰਣ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਦਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਮਰੀਜ਼ਾਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ ਜਾਂਦਾ ਹੈ। ਡੇਂਗੂ ਨਾਲ ਸਬੰਧਤ ਟੈਸਟ ਵੀ ਫ੍ਰੀ ਕੀਤੇ ਜਾਂਦੇ ਹਨ। ਮਰੀਜ਼ਾਂ ਨੂੰ ਬਾਹਰ ਤੋਂ ਕੋਈ ਦਵਾਈ ਨਹੀਂ ਲਿਆਉਣੀ ਪੈ ਰਹੀ ਤੇ ਮਰੀਜ਼ਾਂ ਦਾ ਮੁਕੰਮਲ ਇਲਾਜ ਸਿਵਲ ਹਪਸਤਾਲ 'ਚ ਹੀ ਹੁੰਦਾ ਹੈ, ਜਿਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ।
ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
NEXT STORY