ਬਠਿੰਡਾ (ਬਲਵਿੰਦਰ): ਝੱਖੜ ਤੇ ਤੇਜ਼ ਵਰਖਾ ਦੇ ਰੂਪ 'ਚ ਬੀਤੀ ਸਾਰੀ ਰਾਤ ਕੁਦਰਤ ਦਾ ਕਹਿਰ ਵਾਪਰਿਆ, ਜਿਸ ਕਾਰਨ ਜ਼ਿਲ੍ਹਾ ਬਠਿੰਡਾ ਅੰਦਰ ਖਾਸੀ ਤਬਾਹੀ ਹੋਈ ਹੈ। ਇੱਥੇ ਨੀਂਵੀਆਂ ਥਾਵਾਂ 'ਤੇ ਪਾਣੀ ਭਰ ਗਿਆ, ਝੁੱਗੀਆਂ ਉੱਡ ਗਈਆਂ, ਉਥੇ ਹਜ਼ਾਰਾਂ ਦਰੱਖਤ ਵੀ ਜੜ੍ਹਾਂ 'ਚੋਂ ਪੁੱਟੇ ਗਏ। ਸਭ ਤੋਂ ਜ਼ਿਆਦਾ ਵਰਖਾ 83 ਐੱਮ.ਐੱਮ. ਮੌੜ ਮੰਡੀ ਖੇਤਰ ਵਿਚ ਹੋਈ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਤੇਜ਼ ਝੱਖੜ ਨਾਲ ਭਾਰੀ ਵਰਖਾ ਹੋਈ, ਜਦਕਿ ਆਸਮਾਨੀ ਬਿਜਲੀ ਵੀ ਡਰਾਉਂਦੀ ਰਹੀ। ਇਹ ਸਿਲਸਿਲਾ ਸਵੇਰ ਤੱਕ ਜਾਰੀ ਰਿਹਾ। ਸੁਭਾਵਿਕ ਹੈ ਕਿ ਤੇਜ਼ ਵਰਖਾ ਕਾਰਨ ਨੀਂਵੀਂਆਂ ਥਾਂਵਾਂ 'ਤੇ ਰਹਿੰਦੇ ਲੋਕਾਂ ਨੂੰ ਪਹਿਲਾਂ ਹੀ ਚਿੰਤਾ ਹੋ ਗਈ, ਕਿਉਂਕਿ ਸਵੇਰ ਤੱਕ ਉਨ੍ਹਾਂ ਦੀਆਂ ਗਲੀਆਂ ਤੇ ਘਰਾਂ 'ਚ ਗੰਦਾ ਪਾਣੀ ਘੁੰਮ ਰਿਹਾ ਸੀ। ਇਸੇ ਤਰ੍ਹਾਂ ਜ਼ਿਲ੍ਹੇ ਭਰ ਦੀਆਂ ਵੱਡੀਆਂ ਛੋਟੀਆਂ ਸੜਕਾਂ 'ਤੇ ਵੱਡੇ ਛੋਟੇ ਹਜ਼ਾਰਾਂ ਦਰੱਖਤ ਡਿੱਗ ਪਏ। ਇਸ ਕਾਰਨ ਕਈ ਥਾਂਵਾਂ 'ਤੇ ਰਸਤੇ ਜਾਮ ਹੋ ਗਏ। ਪਿੰਡਾਂ ਨੇੜਲੀਆਂ ਸੜਕਾ ਤੋਂ ਦਰੱਖਤ ਪਾਸੇ ਕਰਨ ਦਾ ਕੰਮ ਜਾਰੀ ਹੈ, ਜਿਨ੍ਹਾਂ 'ਚ ਪਿੰਡਾਂ ਦੇ ਲੋਕ ਵੱਡਾ ਸਹਿਯੋਗ ਦੇ ਰਹੇ ਹਨ। ਜਿਵੇਂ ਕਿ
ਭੁੱਚੋ, ਰਾਮਪੁਰਾ ਫੂਲ, ਭਗਤਾ ਭਾਈ, ਮੌੜ ਮੰਡੀ, ਤਲਵੰਡੀ ਸਾਬੋ, ਬਠਿੰਡਾ ਸ਼ਹਿਰ ਆਦਿ ਖੇਤਰਾਂ 'ਚ ਬਹੁਤਾਤ ਦਰੱਖਤ ਪੁੱਟੇ ਗਏ ਹਨ।
ਇਸੇ ਤਰ੍ਹਾਂ ਸ਼ਹਿਰ ਦੀਆਂ ਨੀਂਵੀਂਆਂ ਥਾਂਵਾਂ ਪਰਸ ਰਾਮ ਨਗਰ, ਸਿਰਕੀ ਬਾਜ਼ਾਰ, ਨਵੀਂ ਬਸਤੀ, ਗਣੇਸ਼ਾ ਬਸਤੀ, ਪਾਵਰ ਹਾਊਸ ਰੋਡ, ਅਜੀਤ ਰੋਡ, ਸਿਵਲ ਲਾਇਨ ਆਦਿ ਖੇਤਰ ਪਾਣੀ ਨਾਲ ਭਰ ਚੁੱਕੇ ਹਨ, ਜਿਥੋਂ ਪਾਣੀ ਕੱਢਣ ਨਾਲ ਅਜੇ ਤੱਕ ਕੋਈ ਹੀਲਾ ਵਸੀਲਾ ਸਾਹਮਣੇ ਨਹੀਂ ਆਇਆ ਹੈ।ਜ਼ਿਲ੍ਹੇ ਅੰਦਰ ਕੁਝ ਥਾਂਵਾਂ 'ਤੇ ਝੁੱਗੀ ਬਸਤੀਆਂ 'ਚ ਵੀ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਤੋਂ ਫਿਲਹਾਲ ਬੱਚਤ ਦੱਸੀ ਜਾ ਰਹੀ ਹੈ।ਦੂਜੇ ਪਾਸੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਮੌੜ ਮੰਡੀ ਖੇਤਰ 'ਚ ਸਭ ਤੋਂ ਜ਼ਿਆਦਾ ਵਰਖਾ 83 ਐੱਮ.ਐੱਮ. ਹੋਈ ਹੈ। ਜਦੋਂ ਕਿ ਬਠਿੰਡਾ ਸ਼ਹਿਰ ਵਿਚ 34, ਰਾਮਪੁਰਾ 'ਚ 19 ਤੇ ਤਲਵੰਡੀ ਸਾਬੋ 'ਚ 12.6 ਐੱਮ.ਐੱਮ. ਵਰਖਾ ਦਰਜ ਕੀਤੀ ਗਈ ਹੈ।
ਪਟਿਆਲਾ 'ਚ ਕੋਰੋਨਾ ਦਾ ਕਹਿਰ, 60 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
NEXT STORY