ਬਠਿੰਡਾ (ਅਮਿਤ ਸ਼ਰਮਾ) : ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰ ਤੋਂ ਪ੍ਰਧਾਨ ਅਤੇ ਵਕੀਲ ਨਵਦੀਪ ਜੀਦਾ ਦੀ ਟਰੈਫਿਕ ਪੁਲਸ ਕਰਮਚਾਰੀ ਨਾਲ ਹੋਈ ਝੜਪ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ, ਜਿਸ ਦੇ ਚੱਲਦੇ ਬਠਿੰਡਾ ਐਸ.ਐਸ.ਪੀ. ਦਫਤਰ ਦੇ ਬਾਹਰ ਬਾਰ ਐਸੋਸੀਏਸ਼ਨ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 10ਵੇਂ ਦਿਨ ਵਿਚ ਤਲਦੀਲ ਹੋ ਗਿਆ ਹੈ।
ਵਕੀਲਾਂ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਕਿਸੇ ਵੀ ਕੀਮਤ ’ਤੇ ਚੁੱਪ ਨਹੀਂ ਰਹਿਣਗੇ ਜਦਕਿ ਪੁਲਸ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਦੀ ਆਪਸੀ ਫੁੱਟ ਕਰਵਾਉਣਾ ਚਾਹੁੰਦਾ ਹੈ ਪਰ ਉਹ ਕਦੇ ਵੱਖ-ਵੱਖ ਨਹੀਂ ਹੋਣਗੇ ਬਲਕਿ ਇਕਜੁਟ ਹੋ ਕੇ ਸੰਘਰਸ਼ ਕਰਨਗੇ। ਵਕੀਲ ਆਗੂਆਂ ਨੇ ਐਲਾਨ ਕੀਤਾ ਕਿ ਜੀਦਾ ਖਿਲਾਫ ਦਰਜ ਕੇਸ ਰੱਦ ਕਰ ਕੇ, ਟ੍ਰੈਫਿਕ ਪੁਲਸ ਦੇ ਹੌਲਦਾਰ ਸਮੇਤ ਹੋਰ ਮੁਲਾਜ਼ਮ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੇ ਬਿਨਾਂ ਉਹ ਸੰਘਰਸ਼ ਖਤਮ ਨਹੀਂ ਕਰਨਗੇ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ, ਐਡਵੋਕੇਟ ਸੰਦੀਪ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਚਾਹੁੰਦਾ ਤਾਂ ਪਹਿਲੇ ਦਿਨ ਹੀ ਇਸ ਮਾਮਲੇ ਦਾ ਹੱਲ ਹੋ ਜਾਂਦਾ ਪਰ ਪੁਲਸ ਅਧਿਕਾਰੀਆਂ ਦੀ ਨਾਲਾਇਕੀ ਨਾਲ ਇਹ ਮਾਮਲਾ ਵਿਗਡ਼ਿਆ ਹੈ, ਜੋ ਅਜੇ ਤੱਕ ਲਟਕਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਸ ਵਕੀਲ ਭਾਈਚਾਰੇ ਨਾਲ ਰੰਜਿਸ਼ ਰੱਖ ਰਹੀ ਹੈ। ਇਸ ਮੌਕੇ ਪ੍ਰਦਰਸ਼ਕਾਰੀਆਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਅੰਤ ’ਚ ਇਹ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਜੀਦਾ ਖਿਲਾਫ ਕੇਸ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਡਾਕਟਰ ਦੀ ਲਾਪਰਵਾਹੀ ਦੇ ਚੱਲਦੇ 2 ਸਾਲਾ ਮਾਸੂਮ ਦੀ ਮੌਤ
NEXT STORY