ਬਠਿੰਡਾ(ਵੈੱਬ ਡੈਸਕ) : ਪੰਜਾਬ ਵਿਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ, ਜਿਸ ਨਾਲ ਅਮਲੀਆਂ ਦੀ ਜਾਨ ਸੁੱਕਣੇ ਪੈਣ ਲੱਗੀ ਹੈ, ਕਿਉਂਕਿ ਲੋਕ ਸਭਾ ਚੋਣਾਂ ਕਰਕੇ ਹੁਣ ਭੁੱਕੀ ਦੇ ਭਾਅ ਵਧਣ ਲੱਗੇ ਹਨ। ਪੰਜਾਬ ਪੁਲਸ ਵੱਲੋਂ ਚੋਣ ਜ਼ਾਬਤੇ ਪਿਛੋਂ ਕਾਫ਼ੀ ਸਖ਼ਤੀ ਕਰ ਦਿੱਤੀ ਗਈ ਹੈ। ਉਪਰੋਂ ਕਣਕ ਦੀ ਵਾਢੀ ਵੀ ਸਿਰ 'ਤੇ ਹੈ, ਜਿਸ ਵਜੋਂ ਪੋਸਤ ਦੀ ਮੰਗ ਵਧਣ ਲੱਗੀ ਹੈ। ਅੰਤਰਰਾਜੀ ਸੀਮਾ 'ਤੇ ਪੈਂਦੇ ਰਾਜਸਥਾਨੀ ਪਿੰਡਾਂ 'ਚੋਂ ਪੋਸਤ ਮਿਲਦਾ ਹੈ। ਚੋਣ ਜ਼ਾਬਤਾ ਲੱਗਣ ਮਗਰੋਂ ਅੰਤਰਰਾਜੀ ਨਾਕਾਬੰਦੀ ਵੱਧ ਗਈ ਹੈ। ਪੰਜਾਬ ਪੁਲਸ ਨੇ ਇਕੋ ਹਫ਼ਤੇ 'ਚ (26 ਮਾਰਚ ਤੋਂ 1 ਅਪਰੈਲ ਤੱਕ) ਪੰਜਾਬ ਭਰ 'ਚੋਂ 27.85 ਕਰੋੜ ਦੇ ਨਸ਼ੇ ਫੜੇ ਹਨ ਜਦੋਂਕਿ ਲੰਘੇ ਚਾਰ ਦਿਨਾਂ 'ਚ 10 ਕਰੋੜ ਦੇ ਨਸ਼ੇ ਬਰਾਮਦ ਕੀਤੇ ਗਏ ਹਨ।
ਸੂਤਰ ਦੱਸਦੇ ਹਨ ਕਿ ਰਾਜਸਥਾਨ ਵਿਚ ਭੁੱਕੀ ਦਾ ਹੋਲਸੇਲ ਰੇਟ ਹੁਣ ਪ੍ਰਤੀ ਕਿਲੋ 2500 ਰੁਪਏ ਤੋਂ ਵਧ ਕੇ 3500 ਰੁਪਏ ਹੋ ਗਿਆ ਹੈ ਜਦੋਂ ਕਿ ਪਰਚੂਨ ਵਿਚ ਇਸੇ ਭਾਅ ਵਿਚ 1000 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਪੰਜਾਬ ਦੇ ਪਿੰਡਾਂ ਵਿਚ ਭੁੱਕੀ ਦਾ ਭਾਅ ਹੁਣ ਪਰਚੂਨ ਵਿਚ 5 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ। ਪਿੰਡ ਬਾਂਡੀ ਦੇ ਗੁਰਜੀਤ ਸਿੰਘ ਭੋਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਭੁੱਕੀ ਦੇ ਭਾਅ ਅਸਮਾਨੀ ਚੜ੍ਹੇ ਹਨ ਅਤੇ 500 ਤੋਂ 700 ਰੁਪਏ ਪ੍ਰਤੀ ਕਿਲੋ ਭਾਅ ਵਧਿਆ ਹੈ। ਇਸੇ ਪਿੰਡ ਦੇ ਸਰਪੰਚ ਬਹਾਦਰ ਸਿੰਘ ਦਾ ਪ੍ਰਤੀਕਰਮ ਸੀ ਕਿ ਹਾੜ੍ਹੀ ਮੌਕੇ ਖੇਤਾਂ ਵਿਚ ਪੋਸਤ ਦੀ ਮੰਗ ਵਧ ਜਾਂਦੀ ਹੈ ਪ੍ਰੰਤੂ ਐਤਕੀਂ ਚੋਣਾਂ ਕਰਕੇ ਕਾਫ਼ੀ ਸਖ਼ਤੀ ਹੋਈ ਹੈ।
ਵੇਰਵਿਆਂ ਅਨੁਸਾਰ ਪੰਜਾਬ-ਰਾਜਸਥਾਨ ਸਰਹੱਦ ਅਤੇ ਪੰਜਾਬ-ਹਰਿਆਣਾ ਸਰਹੱਦ 'ਤੇ ਤਿੰਨ ਦਰਜਨ ਤੋਂ ਉਪਰ ਨਾਕੇ ਲੱਗੇ ਹੋਏ ਹਨ। ਪਤਾ ਲੱਗਾ ਹੈ ਕਿ ਕਾਫ਼ੀ ਪੱਲੇਦਾਰ ਵੀ ਜਿਣਸ ਦੀ ਲਦਾਈ-ਲੁਹਾਈ ਮੌਕੇ ਪੋਸਤ ਵਗੈਰਾ ਦਾ ਸੇਵਨ ਕਰਦੇ ਹਨ। ਇੱਕ ਪੱਲੇਦਾਰ ਨੇ ਦੱਸਿਆ ਕਿ ਬਿਨਾਂ ਸੇਵਨ ਤੋਂ ਲਿਫਟਿੰਗ ਵਿਚ ਸੁਸਤੀ ਆ ਜਾਂਦੀ ਹੈ। ਮਾਲਵਾ ਖ਼ਿੱਤੇ ਵਿਚ ਹਾਲੇ ਵਾਢੀ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਵਾਢੀ ਦਾ ਕੰਮ ਕਰੀਬ 18 ਕੁ ਦਿਨ ਚੱਲਦਾ ਹੈ। ਵਾਢੀ ਮੌਕੇ ਪੋਸਤ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਹੁਣ ਤੋਂ ਹੀ ਪ੍ਰੇਸ਼ਾਨੀ ਹੋ ਗਈ ਹੈ।
ਗੁਆਂਢੀ ਸੂਬਿਆਂ 'ਚੋਂ ਨਸ਼ੇ ਆਉਣੇ ਰੁਕੇ: ਛੀਨਾ
ਫਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਇਕੱਲੇ ਫਾਜ਼ਿਲਕਾ ਨਾਲ ਲੱਗਦੀ ਅੰਤਰਰਾਜੀ ਸਰਹੱਦ 'ਤੇ ਪੁਲਸ ਨੇ 9 ਨਾਕੇ ਲਗਾਏ ਹਨ, ਜੋ ਦਿਨ ਰਾਤ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਸਖ਼ਤੀ ਕਰਕੇ ਗੁਆਂਢੀ ਸੂਬਿਆਂ 'ਚੋਂ ਆਉਣ ਵਾਲੇ ਨਸ਼ੇ ਨੂੰ ਕਾਫ਼ੀ ਠੱਲ੍ਹ ਪਈ ਹੈ ਅਤੇ ਸਰਹੱਦੀ ਜ਼ਿਲ੍ਹਿਆਂ ਵਿਚ ਨਸ਼ਿਆਂ ਦੀ ਬਰਾਮਦਗੀ ਵੀ ਹੋਈ ਹੈ।
ਮੁੜ ਇਕੱਠੇ ਹੋਣਗੇ ਪੀ. ਡੀ. ਏ., 'ਆਪ' ਤੇ ਟਕਸਾਲੀ!
NEXT STORY