ਚੰਡੀਗੜ੍ਹ : ਸੀਟਾਂ ਦੀ ਵੰਡ ਨੂੰ ਲੈ ਕੇ ਹਮਖਿਆਲੀ ਧਿਰਾਂ 'ਚ ਵਿਚਾਲੇ ਗਠਜੋੜ ਦੀ ਤਰੇੜ ਨੂੰ ਮੁੜ ਭਰਨ ਦਾ ਬੀੜਾ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਚੁੱਕੇ ਤੇ ਹਲਕਾ ਦਾਖਾ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਨੇ ਚੁੱਕਿਆ ਹੈ। ਰਿਵਾਇਤੀ ਪਾਰਟੀਆਂ ਖਿਲਾਫ ਡਟੀਆਂ ਹਮਖਿਆਲੀ ਧਿਰਾਂ ਨੂੰ ਇਕੋ ਪਲੇਟਫਾਰਮ 'ਤੇ ਲਿਆਉਣ ਦੇ ਯਤਨ ਮੁੜ ਸ਼ੁਰੂ ਹੋ ਗਏ ਹਨ। ਇਸ ਦੇ ਮੁੱਢ ਵਜੋਂ ਪੰਜਾਬ ਏਕਤਾ ਪਾਰਟੀ (ਪੀਈਪੀ) ਦੇ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਰੀਆਂ ਵਿਰੋਧੀ ਧਿਰਾਂ ਦਾ ਸਾਂਝਾ ਉਮੀਦਵਾਰ ਐਲਾਨਣ ਦੀ ਸਹਿਮਤੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਲੋਕ ਸਭਾ ਚੋਣਾਂ ਜਿਥੇ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਖਹਿਰਾ ਦੀ ਪੀਈਪੀ, ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਅਤੇ ਮੰਗਤ ਰਾਮ ਪਾਸਲਾ ਦੀ ਆਰ. ਐੱਮ. ਪੀ. ਆਈ. ਵੱਲੋਂ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦੇ ਬੈਨਰ ਹੇਠ ਸਾਂਝੇ ਤੌਰ 'ਤੇ ਚੋਣ ਲੜੀਆਂ ਜਾ ਰਹੀਆਂ ਹਨ। ਉਥੇ ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ), ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਸੀ. ਪੀ. ਆਈ. (ਐੱਮ) ਵੱਲੋਂ ਵਖਰੇ ਤੌਰ 'ਤੇ ਚੋਣ ਲੜੀ ਜਾ ਰਹੀ ਹੈ। ਇਸ ਤਰ੍ਹਾਂ ਮੁਕੰਮਲ ਰੂਪ ਵਿਚ ਤੀਜਾ ਫਰੰਟ ਨਾ ਉਸਰਨ ਕਾਰਨ ਸਾਫ਼ ਹੋ ਗਿਆ ਹੈ ਕਿ ਇਨ੍ਹਾਂ ਚੋਣਾਂ ਵਿਚ ਵੀ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦਾ ਮੁਕਾਬਲਾ ਕਰਨ ਵਾਲੀ ਤੀਸਰੀ ਧਿਰ ਨਹੀਂ ਉਸਰ ਸਕੀ।
ਹੁਣ 'ਆਪ' ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠੇ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਇਸ ਦੀ ਸ਼ੁਰੂਆਤ ਖਡੂਰ ਸਾਹਿਬ ਹਲਕੇ ਤੋਂ ਕੀਤੀ ਗਈ ਹੈ। ਫੂਲਕਾ ਮੁਤਬਾਕ ਉਹ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦਾ ਮੁੱਢ ਖਡੂਰ ਸਾਹਿਬ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਰੀਆਂ ਧਿਰਾਂ ਦੀ ਸਾਂਝੀ ਉਮੀਦਵਾਰ ਬਣਾਉਣ ਤੋਂ ਬੰਨ੍ਹ ਰਹੇ ਹਨ। ਫੂਲਕਾ ਨੇ ਦੱਸਿਆ ਕਿ ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀ ਦਿੱਤੀ ਹੈ ਅਤੇ ਉਨ੍ਹਾਂ ਤੋਂ ਬਾਅਦ ਵੀ ਬੀਬੀ ਖਾਲੜਾ ਇਸ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਾਂਝਾ ਉਮੀਦਵਾਰ ਮੰਨਣ ਲਈ ਉਨ੍ਹਾਂ ਨੇ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਸੰਪਰਕ ਕੀਤਾ ਹੈ ਅਤੇ ਹਾਂ ਪੱਖੀ ਗੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਚੀਮਾ ਨੇ ਕਿਹਾ ਹੈ ਕਿ ਜੇ ਬੀਬੀ ਖਾਲੜਾ ਨੂੰ ਖਹਿਰਾ ਦੀ ਪਾਰਟੀ ਦੀ ਥਾਂ ਸਾਂਝੇ ਉਮੀਦਵਾਰ ਵਜੋਂ ਲੜਾਉਣ ਦਾ ਫ਼ੈਸਲਾ ਹੋ ਸਕਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਬੀਬੀ ਨੂੰ ਹਮਾਇਤ ਦੇਣ ਬਾਰੇ ਸੋਚ ਸਕਦੀ ਹੈ।
ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਬਤ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੂੰ ਵਾਪਸ ਲੈ ਕੇ ਬੀਬੀ ਖਾਲੜਾ ਦੀ ਮਦਦ ਕਰਨ ਲਈ ਕਿਹਾ ਹੈ ਤੇ ਉਨ੍ਹਾਂ ਦਾ ਹੁੰਗਾਰਾ ਵੀ ਹਾਂ-ਪੱਖੀ ਹੈ। ਉਹ ਇਸ ਸਬੰਧੀ ਜੇ. ਜੇ. ਸਿੰਘ ਨੂੰ ਵੀ ਮਿਲੇ ਹਨ ਅਤੇ ਉਨ੍ਹਾਂ ਨੂੰ ਵੀ ਆਪਣਾ ਨਾਮ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਸ੍ਰੀ ਖਹਿਰਾ ਨਾਲ ਵੀ ਇਸ ਬਾਬਤ ਗੱਲ ਕੀਤੀ ਹੈ। ਫੂਲਕਾ ਅਨੁਸਾਰ ਖਹਿਰਾ ਨੇ ਵੀ ਖਡੂਰ ਸਾਹਿਬ ਦੇ ਨਾਲ ਹੋਰ ਵੀ ਸਾਰੀਆਂ ਸੀਟਾਂ ਉਪਰ ਅਜਿਹੀ ਏਕਤਾ ਕਰਵਾਉਣ ਲਈ ਕਿਹਾ ਹੈ ਪਰ ਉਨ੍ਹਾਂ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਪਹਿਲੇ ਦੌਰ ਵਿਚ ਸਾਰੀਆਂ ਵਿਰੋਧੀ ਧਿਰਾਂ ਨੂੰ ਬੀਬੀ ਖਾਲੜਾ ਦੇ ਮਾਮਲੇ ਵਿਚ ਇਕ ਪਲੇਟਫਾਰਮ 'ਤੇ ਲਿਆ ਕੇ ਇਹ ਸ਼ੁਰੂਆਤ ਕੀਤੀ ਜਾਵੇ।
ਪੰਜਾਬ ਕਾਂਗਰਸ ਤੋਂ ਨਾਰਾਜ਼ ਚੱਲ ਰਿਹੈ 'ਡੇਰਾ', ਜਾਣੋ ਕਿਸ ਦੇ ਨਾਲ ਖੜ੍ਹੇਗਾ
NEXT STORY