ਬਠਿੰਡਾ, (ਵਰਮਾ)- ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 27 ਮਾਮਲੇ ਸਾਹਮਣੇ ਆਏ, ਜਦਕਿ ਗੋਨਿਆਣਾ ਮੰਡੀ ਦੀ 66 ਸਾਲਾ ਔਰਤ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਪੰਜ ਤੱਕ ਪਹੁੰਚ ਗਈ। ਬਜ਼ੁਰਗ ਔਰਤ ਨੂੰ ਸ਼ੁੱਕਰਵਾਰ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਸੈਂਪਲ ਲੈ ਕੇ ਭੇਜਿਆ ਗਿਆ ਅਤੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਹੋਈ ਮੌਤ ਤੋਂ ਤਿੰਨ ਘੰਟੇ ਬਾਅਦ ਸਿਵਲ ਹਸਪਤਾਲ ਦੀ ਮੈਨੇਜਮੈਂਟ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਪਰ ਨਿੱਜੀ ਹਸਪਤਾਲ ਨੇ ਪਹਿਲਾਂ ਹੀ ਔਰਤ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਸ਼ਾਮ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਬਾਅਦ ’ਚ ਜਦ ਇਸ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਸ਼ਹਿਰ ’ਚ ਭੜਥੂ ਪੈ ਗਿਆ ਅਤੇ ਇਸ ਦੀ ਪੁਸ਼ਟੀ ਐਤਵਾਰ ਨੂੰ ਗੋਨਿਆਣਾ ਮੰਡੀ ਦੇ ਦਸ਼ਮੇਸ਼ ਨਗਰ ’ਚ ਨੌਂ ਨਵੇਂ ਕੋਰੋਨਾ ਮਰੀਜ਼ਾਂ ਦੇ ਪਾਜ਼ੇਟਿਵ ਆਉਣ ਨੇ ਕਰ ਦਿੱਤੀ। ਜਿਸ ’ਚ ਇਕੋ ਪਰਿਵਾਰ ਦੀ ਇਕ ਔਰਤ ਅਤੇ ਉਸ ਦੇ ਨੌਂ ਅਤੇ ਤਿੰਨ ਸਾਲਾ ਦੇ ਦੋ ਬੱਚਿਆਂ ’ਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਧਰ ਪੰਜ ਕੇਸ ਨਥਾਣਾ ਕੋਲ ਪਿੰਡ ਗਿੱਦੜ ਦੇ ਮਿਲੇ ਹਨ। ਇਸ ਤੋਂ ਇਲਾਵਾ ਪੁਰਾਣਾ ਥਾਣਾ, ਏਮਜ, ਥਾਣਾ ਸਦਰ, ਅਜੀਤ ਰੋਡ, ਰਾਮਾਂ ਮੰਡੀ ਅਤੇ ਰਤੀਆ ਤੋਂ ਇੱਕ-ਇੱਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਫਿਲਹਾਲ ਇਕ ਹੀ ਸਥਾਨ ਤੋਂ ਲਗਾਤਾਰ ਮਿਲ ਰਹੇ ਕੇਸਾਂ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 520 ਤੱਕ ਪਹੁੰਚ ਗਈ ਹੈ। ਸ਼ਨੀਵਾਰ ਨੂੰ ਰਾਹਤ ਭਰੀ ਖਬਰ ਇਹ ਰਹੀ ਕਿ ਫਰੀਦਕੋਟ ਮੈਡੀਕਲ ਕਾਲਜ ਲੈਬ ਤੋਂ 421 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ 3 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਬਰਨਾਲਾ ਜ਼ਿਲ੍ਹੇ 'ਚ 12 ਹੋਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
NEXT STORY