ਬਠਿੰਡਾ (ਅਮਿਤ ਸ਼ਰਮਾ,ਵਰਮਾ) : ਜ਼ਿਲਾ ਪੁਲਸ ਨੇ ਇਕ ਇਸ ਤਰ੍ਹਾਂ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨੇ 25 ਜੁਲਾਈ ਨੂੰ ਤਲਵੰਡੀ ਸਾਬੋ 'ਚ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ ਅਤੇ ਫਿਰ ਉਹ ਫ਼ਰਾਰ ਹੋ ਗਿਆ ਸੀ। ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਚੌਥੀ ਕਲਾਸ ਦੀ ਵਿਦਿਆਰਥਣ ਪੈਂਸਿਲ ਲੈਣ ਬਾਜ਼ਾਰ ਗਈ ਸੀ ਪਰ ਦੁਕਾਨ ਬੰਦ ਹੋਣ ਕਰ ਕੇ ਉਹ ਵਾਪਸ ਆ ਰਹੀ ਸੀ ਤਾਂ ਮੋਟਰਸਾਈਕਲ 'ਤੇ ਇਕ ਨੌਜਵਾਨ ਆਇਆ ਤੇ ਉਸ ਨੇ ਬੱਚੀ ਨੂੰ ਕਿਹਾ ਕਿ ਉਹ ਉਸ ਦਾ ਚਾਚਾ ਲੱਗਦਾ ਹੈ ਤੇ ਉਸ ਦੇ ਡੈਡੀ ਨੇ ਉਸ ਨੂੰ ਖੇਤ 'ਚ ਬੁਲਾਇਆ ਹੈ। ਉਸ ਨੇ ਬੱਚੀ ਨੂੰ ਮੋਟਰਸਾਈਕਲ 'ਤੇ ਬਿਠਾਇਆ ਤੇ ਸੁੰਨਸਾਨ ਥਾਂ 'ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਬੱਚੀ ਨੇ ਘਰ ਆ ਕੇ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ ਤੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਰਜ ਕਰਵਾਈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਨੂੰ ਲੱਭਣਾ ਮੁਸ਼ਕਿਲ ਕੰਮ ਸੀ, ਜਿਸ ਲਈ ਐੱਸ. ਪੀ. ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਵਿਚ ਡੀ. ਐੱਸ. ਪੀ. ਤਲਵੰਡੀ ਸਾਬੋ ਹਰਪਾਲ ਸਿੰਘ ਗਰੇਵਾਲ, ਡੀ. ਐੱਸ. ਪੀ. ਕ੍ਰਾਈਮ ਜਸਪਿੰਦਰ ਸਿੰਘ ਦੀ ਨਿਗਰਾਨੀ ਵਿਚ ਇੰਸਪੈਕਟਰ ਹਰਵਿੰਦਰ ਸਿੰਘ ਮੁਖੀ ਤਲਵੰਡੀ ਸਾਬੋ, ਇੰਸਪੈਕਟਰ ਤਰਜਿੰਦਰ ਸਿੰਘ ਮੁਖੀ ਸੀ. ਆਈ. ਏ.-2 ਦੇ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਦੋਸ਼ੀ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਮੋਦਨ ਲਾਲ ਵਾਸੀ ਨੱਤ ਨੂੰ ਦਸਮੇਸ਼ ਸਕੂਲ ਕੋਲੋਂ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਉਹ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ, ਜਿਸ 'ਤੇ ਬਿਠਾ ਕੇ ਉਹ ਬੱਚੀ ਨੂੰ ਲੈ ਗਿਆ ਸੀ।
ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਵਿਰੁੱਧ ਪਹਿਲਾਂ ਹੀ ਤਲਵੰਡੀ ਸਾਬੋ 'ਚ ਪਾਸਕੋ ਐਕਟ ਤਹਿਤ ਜਬਰ-ਜ਼ਨਾਹ ਦਾ ਮਾਮਲਾ ਦਰਜ ਸੀ ਅਤੇ ਉਹ ਕੁਝ ਮਹੀਨੇ ਜੇਲ ਕੱਟ ਕੇ ਵਾਪਸ ਆਇਆ ਸੀ। 28 ਸਾਲਾ ਗੁਰਸੇਵਕ ਸਿੰਘ ਵਿਆਹੁਤਾ ਹੈ, ਜਿਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ। ਜੇਲ ਤੋਂ ਆਉਣ ਤੋਂ ਬਾਅਦ ਉਹ ਤਲਵੰਡੀ ਸਾਬੋ ਸਥਿਤ ਖਾਲਸਾ ਡੇਅਰੀ 'ਚ ਕੰਮ ਕਰਦਾ ਸੀ ਤੇ ਕੁਝ ਸਮੇਂ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
Punjab Wrap Up : ਪੜ੍ਹੋ 2 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY