ਬਠਿੰਡਾ (ਵੈੱਬ ਡੈਸਕ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਸੰਸਦੀ ਹਲਕੇ ਲਈ ਇਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਮੀਂਹ ਨਾਲ ਹਜ਼ਾਰਾਂ ਕਿਸਾਨਾਂ, ਗਰੀਬਾਂ ਅਤੇ ਸ਼ਹਿਰਵਾਸੀਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਹੋ ਸਕੇ।

ਕੇਂਦਰੀ ਮੰਤਰੀ ਨੇ ਲਿਖਿਆ ਕਿ ਮੀਂਹ ਨਾਲ ਜ਼ਿਆਦਾਤਰ ਥਾਂਵਾਂ 'ਤੇ ਝੋਨੇ ਅਤੇ ਕਪਾਹ ਦੀ ਫਸਲ ਨਸ਼ਟ ਹੋ ਗਈ ਹੈ। ਖੇਤਾਂ ਵਿਚ ਪਾਣੀ ਭਰਨ ਕਾਰਨ ਉਥੇ ਦੁਬਾਰਾ ਬੀਜਾਈ ਸੰਭਵ ਨਹੀਂ ਹੋ ਸਕਦੀ। ਅਜਿਹੇ ਵਿਚ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਦੀ ਬਰਬਾਦੀ ਲਈ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ.ਐਮ. ਜਲਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਪ੍ਰਦਾਨ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਕਿਸੇ ਵੀ ਸਮੇਂ ਢਹਿ ਜਾਣ ਵਾਲੇ ਖ਼ਸਤਾ ਹਾਲਤ ਵਾਲੇ ਮਕਾਨਾਂ ਦੇ ਪੁਨਰਨਿਰਮਾਣ ਲਈ ਲੋਕਾਂ ਦੀ ਮਦਦ ਕਰਨ ਸਖ਼ਤ ਜ਼ਰੂਰਤ ਹੈ ਅਤੇ ਇਸ ਤਹਿਤ ਇਕ ਵਿਸ਼ੇਸ਼ ਸਹਾਇਤਾ ਪੈਕੇਜ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤੋਂ ਪਾਣੀ ਦੇ ਨਿਕਾਸ ਲਈ ਉਚਿਤ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਡ੍ਰੇਨੇਜ ਸਿਸਟਮ ਵਿਚ ਸੁਧਾਰਨ ਦੀ ਵੀ ਜ਼ਰੂਰਤ ਹੈ, ਜਿਸ ਲਈ ਸੀ.ਐਮ. ਨੂੰ ਜਲਦ ਹੁਕਮ ਦੇਣੇ ਚਾਹੀਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਉਨ੍ਹਾਂ ਦੀ ਇਸ ਮੰਗ ਨੂੰ ਜ਼ਰੂਰ ਪੂਰਾ ਕਰੇਗੀ ਅਤੇ ਮੁੱਖ ਮੰਤਰੀ ਵੱਲੋਂ ਰਾਹਤ ਕੋਸ਼ਿਸ ਵੱਲ ਵਿਅਕਤੀਗਤ ਤੌਰ 'ਤੇ ਧਿਆਨ ਦਿੱਤਾ ਜਾਵੇਗਾ।
ਪਟਿਆਲਾ ਪੁਲਸ ਨੇ ਲਾਪਤਾ 2 ਬੱਚਿਆਂ ਦੇ ਵੇਰਵੇ ਕੀਤੇ ਜਾਰੀ
NEXT STORY