ਬਠਿੰਡਾ (ਵਰਮਾ, ਕੁਨਾਲ) : ਦੇਸ਼ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਮਨਦੀਪ ਸਿੰਘ ਸੰਨੀ, ਜੋ ਕਿ ਬਠਿੰਡਾ ਜੇਲ 'ਚ ਬੰਦ ਹੈ, ਬੇਹੋਸ਼ ਹੋ ਕੇ ਡਿੱਗ ਪਿਆ ਕਿਉਂਕਿ ਉਹ ਕਈ ਦਿਨਾਂ ਤੋਂ ਭੁੱਖ ਹੜਤਾਲ 'ਤੇ ਹੈ ਅਤੇ ਦੋ ਦਿਨਾਂ ਤੋਂ ਪਾਣੀ ਵੀ ਤਿਆਗ ਦਿੱਤਾ ਸੀ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।
ਸੰਨੀ ਦੀ ਪਤਨੀ ਸੁਖਪ੍ਰੀਤ ਕੌਰ ਅਨੁਸਾਰ ਰਮਨਦੀਪ ਸਿੰਘ ਸੰਨੀ ਵਾਸੀ ਬਠਿੰਡਾ ਨੂੰ ਕੋਤਵਾਲੀ ਪੁਲਸ ਬਠਿੰਡਾ ਨੇ 2014 'ਚ ਅੱਤਵਾਦੀ ਜਥੇਬੰਦੀਆਂ ਨਾਲ ਸਬੰਧ ਹੋਣ ਦੇ ਸ਼ੱਕ ਤਹਿਤ ਗ੍ਰਿਫ਼ਤਾਰ ਕੀਤਾ ਸੀ ਪਰ ਅਦਾਲਤ ਨੇ ਉਸ ਨੂੰ ਫਰਵਰੀ 2019 'ਚ ਬਰੀ ਕਰ ਦਿੱਤਾ ਸੀ। ਇਸੇ ਦੌਰਾਨ 2017 'ਚ ਸੰਨੀ ਨੂੰ ਮੋਹਾਲੀ ਪੁਲਸ ਨੇ ਤਿੰਨ ਕਾਰਤੂਸਾਂ ਸਣੇ ਗ੍ਰਿਫ਼ਤਾਰ ਕਰ ਲਿਆ ਸੀ। ਉਹ ਉਦੋਂ ਤੋਂ ਹੀ ਜੇਲ 'ਚ ਬੰਦ ਹੈ। 4 ਨਵੰਬਰ 2019 ਨੂੰ ਮੋਹਾਲੀ ਪੁਲਸ ਨੇ ਸੰਨੀ ਸਮੇਤ ਕੁਝ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਕਿ ਇਹ ਅੱਤਵਾਦੀ ਜਥੇਬੰਦੀਆਂ ਦੇ ਸੰਪਰਕ 'ਚ ਹਨ, ਜਦਕਿ ਉਹ ਪਿਛਲੇ ਢਾਈ ਸਾਲਾਂ ਤੋਂ ਜੇਲ ਅੰਦਰ ਬੰਦ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਢਾਈ ਸਾਲਾਂ ਤੋਂ ਜੇਲ 'ਚ ਬੰਦ ਹੈ, ਸਿਰਫ ਉਸ ਦੀ ਪਤਨੀ ਮੁਲਾਕਾਤ ਲਈ ਆਉਂਦੀ ਹੈ, ਫਿਰ ਕੀ ਇਹ ਮੰਨਿਆ ਜਾਵੇ ਕਿ ਜੇਲ ਪ੍ਰਸ਼ਾਸਨ ਉਸ ਨੂੰ ਡੁਬਈ ਜਾਂ ਪਾਕਿਸਤਾਨ ਭੇਜਦਾ ਹੈ ਜਾਂ ਫਿਰ ਉਸ ਦੀਆਂ ਗੱਲਾਂ ਫੋਨ 'ਤੇ ਕਰਵਾਈਆਂ ਜਾਂਦੀਆਂ ਹਨ ਜਾਂ ਫਿਰ ਇਕ ਬੰਦੀ ਨੂੰ ਮਰਜ਼ੀ ਨਾਲ ਬਾਹਰ ਆਉਣ-ਜਾਣ ਦੀ ਆਗਿਆ ਹੈ। ਉਹ ਜੇਲ 'ਚੋਂ ਜਦ ਬਾਹਰ ਨਹੀਂ ਆ ਸਕਦਾ ਅਤੇ ਨਾ ਹੀ ਕਿਸੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਪੁਲਸ ਨੇ ਕਿਸ ਆਧਾਰ 'ਤੇ ਉਸ ਨੂੰ ਨਾਮਜ਼ਦ ਕਰ ਲਿਆ। ਉਨ੍ਹਾਂ ਕਿਹਾ ਕਿ ਹੁਣ ਸੰਨੀ 25 ਨਵੰਬਰ ਤੋਂ ਭੁੱਖ ਹੜਤਾਲ 'ਤੇ ਹੈ ਪਰ ਜੇਲ ਪ੍ਰਸ਼ਾਸਨ ਜਾਂ ਸਰਕਾਰ ਨੂੰ ਉਸ ਦੀ ਉੱਕਾ ਹੀ ਪ੍ਰਵਾਹ ਨਹੀਂ। ਦਰਅਸਲ ਵੱਡਿਆਂ ਦੇ ਇਸ਼ਾਰੇ 'ਤੇ ਜੇਲ ਪ੍ਰਸ਼ਾਸਨ ਅਤੇ ਪੁਲਸ ਉਸ ਨੂੰ ਮਾਰਨਾ ਚਾਹੁੰਦੀ ਹੈ, ਇਸ ਲਈ ਹੀ ਉਸ ਨੂੰ ਭੁੱਖ ਹੜਤਾਲ ਤੋਂ ਵੀ ਨਹੀਂ ਰੋਕਿਆ ਜਾ ਰਿਹਾ ਹੈ। ਸੰਨੀ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਭੁੱਖ ਹੜਤਾਲ 'ਤੇ ਰਹੇਗਾ, ਜਦੋਂ ਤੱਕ ਉਸ ਵਿਰੁੱਧ ਦਰਜ ਝੂਠਾ ਕੇਸ ਵਾਪਸ ਨਹੀਂ ਲਿਆ ਜਾਂਦਾ।
ਸੁਖਪ੍ਰੀਤ ਕੌਰ ਨੇ ਦੱਸਿਆ ਕਿ ਦੋ ਦਿਨਾਂ ਤੋਂ ਉਸ ਨੇ ਪਾਣੀ ਵੀ ਤਿਆਗ ਦਿੱਤਾ ਸੀ, ਜਿਸ ਕਾਰਨ ਉਸ ਦੀ ਹਾਲਤ ਹੋਰ ਗੰਭੀਰ ਹੋ ਗਈ ਹੈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਤੋਂ ਬਾਅਦ ਸੰਨੀ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਜੇਲ ਪ੍ਰਸ਼ਾਸਨ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੰਨੀ ਦੀ ਹਾਲਤ ਗੰਭੀਰ ਹੋਈ ਅਤੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕੀਤਾ ਗਿਆ ਪਰ ਕੋਈ ਵੀ ਅਧਿਕਾਰੀ ਸੰਪਰਕ 'ਚ ਨਹੀਂ ਆ ਰਿਹਾ ਅਤੇ ਨਾ ਹੀ ਕੁਝ ਕਹਿਣ ਨੂੰ ਤਿਆਰ ਹੈ।
ਪਤਨੀ ਰੋਂਦੀ ਰਹੀ ਪਰ ਸੰਨੀ ਕੋਲ ਨਹੀਂ ਜਾ ਸਕੀ
ਸੰਨੀ ਦੀ ਪਤਨੀ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਮੀਡੀਆ ਕਰਮਚਾਰੀਆਂ ਤੋਂ ਹੀ ਪਤਾ ਲੱਗਾ ਕਿ ਉਕਤ ਨੂੰ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ ਪਰ ਇਥੇ ਸੁਰੱਖਿਆ ਕਰਮਚਾਰੀ ਉਸ ਨੂੰ ਸੰਨੀ ਦੇ ਨੇੜੇ ਵੀ ਨਹੀਂ ਜਾਣ ਦੇ ਰਹੇ। ਉਹ ਰੋ-ਰੋ ਕੇ ਦੁਹਾਈ ਦੇ ਰਹੀ ਹੈ ਕਿ ਉਸ ਨੂੰ ਆਪਣੇ ਪਤੀ ਨੂੰ ਮਿਲਣ ਦਿੱਤਾ ਜਾਵੇ ਪਰ ਉਸ ਨੂੰ ਬਾਹਰ ਹੀ ਰੋਕਿਆ ਗਿਆ ਹੈ। ਉਸ ਨੇ ਦੱਸਿਆ ਕਿ ਉਹ ਸੰਨੀ ਨੂੰ ਜੇਲ 'ਚ ਬੁੱਧਵਾਰ ਅਤੇ ਸ਼ਨੀਵਾਰ ਨੂੰ ਮਿਲਣ ਜਾਂਦੀ ਹੈ ਪਰ ਪਿਛਲੇ ਬੁੱਧਵਾਰ ਸੰਨੀ ਨੇ ਉਸ ਨੂੰ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਚੱਲਣ-ਫਿਰਨ 'ਚ ਵੀ ਤਕਲੀਫ ਹੁੰਦੀ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਵਿਰੁੱਧ ਦਰਜ ਝੂਠਾ ਮੁਕੱਦਮਾ ਰੱਦ ਕਰ ਕੇ ਉਸ ਦੀ ਜਾਨ ਬਚਾਈ ਜਾਵੇ।
ਕੀ ਕਹਿੰਦੇ ਹਨ ਡਾਕਟਰ
ਸਿਵਲ ਹਸਪਤਾਲ ਦੇ ਐਮਰਜੈਂਸੀ 'ਚ ਤਾਇਨਾਤ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਸੰਨੀ ਨੇ ਕਿਸੀ ਵੀ ਤਰ੍ਹਾਂ ਦੇ ਇਲਾਜ ਲਈ ਮਨ੍ਹਾ ਕਰ ਦਿੱਤਾ ਹੈ, ਇਥੋਂ ਤੱਕ ਕਿ ਉਸ ਨੇ ਗੁਲੂਕੋਜ਼ ਦੀ ਡ੍ਰਿੱਪ ਵੀ ਨਹੀਂ ਲੱਗਣ ਦਿੱਤੀ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਦੇ ਵਿਰੁੱਧ ਦਰਜ ਝੂਠੇ ਮਾਮਲੇ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਉਹ ਆਪਣਾ ਇਲਾਜ ਵੀ ਨਹੀਂ ਕਰਵਾਏਗਾ। ਇਸ ਤਰ੍ਹਾਂ ਦੀ ਹਾਲਤ 'ਚ ਡਾਕਟਰ ਵੀ ਹੈਰਾਨ ਹਨ, ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ, ਜਦਕਿ ਉਹ ਬੇਹੋਸ਼ ਵੀ ਹੋ ਗਿਆ। ਬਾਵਜੂਦ ਇਸ ਦੇ ਉਹ ਇਲਾਜ ਕਰਵਾਉਣ ਤੋਂ ਮਨ੍ਹਾ ਕਰ ਰਿਹਾ ਹੈ।
ਹੁਣ ਪੋਕਸੋ ਐਕਟ ਦੇ ਕੇਸਾਂ ਦੀ ਜਾਂਚ ਕਰੇਗੀ 'ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ' ਟੀਮ
NEXT STORY