ਬਠਿੰਡਾ - ਸੂਬੇ ਦੀ ਮਾੜੀ ਹਾਲਤ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਦੇ ਕੁਸਾਸ਼ਨ ਅਤੇ ਮਾੜੀਆਂ ਨੀਤੀਆਂ ਤੋਂ ਦੁਖੀ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਬਠਿੰਡਾ ’ਚ ਰੈਲੀ ਕੀਤੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਇਸ ਕਰਕੇ ਬਣੇ ਹਨ, ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 70 ਸਾਲ ਜਨਤਾ ਦੀ ਸੇਵਾ ਕਰਨ ’ਚ ਲਗਾਏ ਹਨ। ਕੈਪਟਨ ਅਮਰਿੰਦਰ ਸਿੰਘ ’ਤੇ ਤੰਜ ਕੱਸਦੇ ਹੋਏ ਸੁਖਬੀਰ ਨੇ ਕਿਹਾ ਕਿ ਸਭ ਤੋਂ ਨਾਲਾਇਕ ਮੁੱਖ ਮੰਤਰੀ ਪੱਲੇ ਪੈ ਜਾਣ ਕਾਰਨ ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਕੈਪਟਨ ਨੇ ਪੰਜਾਬ ਦੀ ਤਰੱਕੀ ਲਈ ਕੁਝ ਵੀ ਨਹੀਂ ਕੀਤਾ। ਪੰਜਾਬ ਦੇ ਲੋਕਾਂ ਅਤੇ ਸੂਬੇ ਦੀ ਤਰੱਕੀ ਲਈ ਜੋ ਵੀ ਕੰਮ ਕੀਤੇ ਹਨ, ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕੀਤੇ ਹਨ।
ਕੈਪਟਨ ਸਰਕਾਰ ’ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 3 ਸਾਲਾਂ ’ਚ ਇਸ ਸਰਕਾਰ ਨੇ ਸੂਬੇ ’ਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ, ਉਲਟਾ ਲੋਕਾਂ ’ਤੇ ਖਾਸ ਕਰ ਕੇ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰੀ ਖ਼ਜ਼ਾਨਾ ਖਾਲੀ ਨਹੀਂ ਹੈ ਕਾਂਗਰਸ ਸਰਕਾਰ ਦੀ ਨੀਅਤ ਖਰਾਬ ਹੈ, ਜੋ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦੇ ਰਹੀ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਲੋਕਾਂ ਨਾਲ ਬੈਠਣਾ, ਉਨ੍ਹਾਂ ਦੀਆਂ ਤਕਲੀਫਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੁੰਦਾ ਹੈ। ਕੈਪਟਨ ਉਹ ਮੁੱਖ ਮੰਤਰੀ ਜਿਹੜਾ ਕਦੇ ਦਿਖਾਈ ਨਹੀਂ ਦਿੰਦਾ ਅਤੇ ਨਾ ਹੀ ਲੋਕਾਂ ਨਾਲ ਮੁਲਾਕਾਤ ਕਰਦਾ ਹੈ। ਤੀਸਰੀ ਵਾਰ ਅਕਾਲੀਆਂ ਦੀ ਸਰਕਾਰ ਆਉਣ ਦੇ ਡਰ ਕਾਰਨ ਕਾਂਗਰਸੀਆਂ ਨੇ ਬੇਅਦਬੀ ਦੀਆਂ ਸਾਜ਼ਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ। ਚੋਣਾਂ ਦੇ ਸਮੇਂ ਝੂਠੀਆਂ ਕਸਮਾਂ ਖਾਂ ਕੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਅਤੇ ਆਪਣੀ ਸਰਕਾਰ ਬਣਾ ਲਈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਅਤੇ ਸੂਬੇ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਪ੍ਰਕਾਸ਼ ਬਾਦਲ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਕਰੋੜਾਂ ਰੁਪਏ ਦੇ ਸਾਰੇ ਧਰਮਾਂ ਦੇ ਤੀਰਥ ਸਥਾਨ ਵੀ ਬਣਵਾਏ। ਅਕਾਲੀ ਦਲ ਦੀਆਂ ਕੋਸ਼ਿਸ਼ਾਂ ਸਦਕਾ ਹੀ ਬਠਿੰਡਾ ‘ਚ ਏਮਜ਼ ਹਸਪਤਾਲ ਖੁੱਲਿਆ ਹੈ, ਜਿਥੇ ਆ ਕੇ ਲੋਕ ਇਥੇ ਆਪਣਾ ਇਲਾਜ਼ ਕਰਵਾ ਸਕਣਗੇ।
ਠਾਠਾਂ ਮਾਰਦੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਕਿ ਪੰਜਾਬ ’ਚ ਅਕਾਲੀ ਸਰਕਾਰ ਬਣਨ ਉੱਤੇ ਘਰੇਲੂ ਬਿਜਲੀ ਦੇ ਰੇਟ ਅੱਧੇ ਕਰ ਦਿੱਤੇ ਜਾਣਗੇ। ਬਿਜਲੀ ਦਰਾਂ ’ਚ ਵਾਰ-ਵਾਰ ਕੀਤੇ ਵਾਧਿਆਂ ਨੇ ਆਮ ਆਦਮੀ ਉੱਤੇ ਬਹੁਤ ਜ਼ਿਆਦਾ ਬੋਝ ਪਾ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਤੋਂ ਬਾਅਦ ਬਿਜਲੀ ਦਰਾਂ ’ਚ ਦੁੱਗਣਾ ਵਾਧਾ ਸਰਕਾਰ ਦੇ ਮਾੜੇ ਪ੍ਰਬੰਧਾਂ ਅਤੇ ਨਿਕੰਮੇਪਣ ਕਰਕੇ ਹੋਇਆ ਹੈ। ਇਸ ਤੋਂ ਇਲਾਵਾ 4300 ਕਰੋੜ ਦਾ ਬਿਜਲੀ ਘੁਟਾਲਾ ਵੀ ਇਸ ਦੀ ਵਜ੍ਹਾ ਹੈ, ਜਿਸ ਤਹਿਤ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਸੂਬੇ ’ਚ ਬਦਮਾਸ਼ਾਂ ਦਾ ਰਾਜ ਚੱਲ ਰਿਹਾ ਹੈ ਅਤੇ ਵਪਾਰੀਆਂ, ਡਾਕਟਰਾਂ, ਸਰਦੇ-ਪੁੱਜਦੇ ਲੋਕਾਂ ਤੋਂ ਸ਼ਰੇਆਮ ਫਿਰੌਤੀਆਂ ਲਈਆਂ ਜਾ ਰਹੀਆਂ ਹਨ ਪਰ ਸਰਕਾਰ ਚੁੱਪਚਾਪ ਤਮਾਸ਼ਾ ਵੇਖ ਰਹੀ ਹੈ।
ਸੁਖਬੀਰ ਬਾਦਲ ਨੇ ਰੈਲੀ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2022 'ਚ ਸ਼੍ਰੋਮਣੀ ਅਕਾਲੀ ਦਲ ਤੇ ਬੀ.ਜੇ.ਪੀ. ਦੀ ਸਰਕਾਰ ਬਣਾ ਦੇਵੋਂ, ਕਿਉਂਕਿ ਇਸ ਨਾਲ ਪੰਜਾਬ ਦੇ ਹਰ ਵਿਅਕਤੀ ਦੇ ਚਿਹਰੇ 'ਤੇ ਖੁਸ਼ੀ ਨਜ਼ਰ ਆਵੇਗੀ। ਅਸੀਂ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ। 2022 ’ਚ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਸੂਬੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਗਰੀਬਾਂ ਨੂੰ ਬਿਜਲੀ ਦੀਆਂ 200 ਯੂਨਿਟ ਵਧਾ ਕੇ 400 ਯੂਨਿਟ ਮੁਆਫ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਪਿੰਡਾਂ ‘ਚ ਸੀਮਿੰਟ ਦੀਆਂ ਗਲੀਆਂ ਬਣਵਾ ਦਿੱਤੀਆਂ ਜਾਣਗੀਆਂ।
'ਆਪ' ਦੇ ਸਿੱਧੂ 'ਤੇ ਸਿਆਸੀ ਡੋਰੇ, ਮਾਨ ਨੇ ਕਿਹਾ-ਪਾਰਟੀ 'ਚ ਆਉਣ 'ਤੇ ਕਰਾਂਗਾ 'ਵੈੱਲਕਮ'
NEXT STORY