ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ) - ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਬੈਂਕਾਂ ਤੇ ਆੜ੍ਹਤੀਆਂ ਦਾ ਕਰਜ਼ਾ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਬੈਂਕਾਂ ਦਾ ਕਰਜ਼ਾ ਦੇਣ ਤੋਂ ਪਾਸਾ ਵੱਟ ਲਿਆ। ਬੇਸ਼ੱਕ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫ਼ ਤਾਂ ਨਹੀਂ ਕੀਤਾ ਪਰ ਹੁਣ ਕਿਸਾਨਾਂ ਨੂੰ ਡਿਫਾਲਟਰ ਹੋਣਾ ਬਹੁਤ ਮਹਿੰਗਾ ਪੈਣ ਵਾਲਾ ਹੈ। ਪੰਜਾਬ ਅੰਦਰ ਕੇਂਦਰੀ ਬੈਂਕਾਂ ਵਲੋਂ ਡਿਫਾਲਟਰ ਕਿਸਾਨਾਂ ਤੋਂ ਆਪਣਾ ਕਰਜ਼ਾ ਵਸੂਲ ਕਰਨ ਲਈ ਉਨ੍ਹਾਂ ਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਬੈਂਕਾਂ ਦੇ ਬਾਹਰ ਡਿਫਾਲਟਰ ਕਰਜ਼ਦਾਰ ਕਿਸਾਨਾਂ ਦੀਆਂ ਫੋਟੋਆਂ ਚਿਪਕਾ ਕੇ ਉਸ ਦੇ ਹੇਠਾਂ ਲਿਖ ਦਿੱਤਾ ਹੈ ਕਿ ਇਹ ਲੋਕ ਸਾਡੇ ਬੈਂਕ ਦੇ ਡਿਫਾਲਟਰ ਹਨ। ਬੈਂਕਾਂ ਦੇ ਬਾਹਰ ਡਿਫਾਲਟਰਾਂ ਦੀਆਂ ਲੱਗੀਆਂ ਫੋਟੋਆਂ ਵਿਚ ਪੁਰਸ਼ਾਂ ਤੋਂ ਇਲਾਵਾ ਕਈ ਬਜ਼ੁਰਗ ਔਰਤਾਂ ਦੀਆਂ ਫੋਟੋਆਂ ਵੀ ਲੱਗੀਆਂ ਦਿਖਾਈ ਦਿੱਤੀਆਂ ਜਿਸ ਨੂੰ ਬੈਂਕ ਵਿਚ ਆਉਣ-ਜਾਣ ਵਾਲੇ ਲੋਕ ਬੜੇ ਗੌਰ ਨਾਲ ਦੇਖ ਰਹੇ ਸਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਕਰ ਰਹੇ ਸਨ। ਬੈਂਕ ਦੇ ਅਧਿਕਾਰੀਆਂ ਵਲੋਂ ਕਰਜ਼ਦਾਰ ਕਿਸਾਨਾਂ ਨੂੰ ਬੈਂਕ ਦੇ ਬਾਹਰ ਫੋਟੋਆਂ ਲਗਾ ਕੇ ਬੇਇੱਜ਼ਤ ਕਰਨ ਤੋਂ ਬਾਅਦ ਜੇਕਰ ਫਿਰ ਵੀ ਕਰਜ਼ਦਾਰ ਕਿਸਾਨ ਬੈਂਕ ਦੀ ਰਾਸ਼ੀ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਅੱਗੇ ਹੋਰ ਜ਼ਿਆਦਾ ਬੇਇੱਜ਼ਤ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਕਰਜ਼ਦਾਰਾਂ ਨੇ ਫਿਰ ਵੀ ਪੈਸੇ ਜਮ੍ਹਾ ਨਾ ਕਰਵਾਏ ਤਾਂ ਡਿਫਾਲਟਰ ਕਿਸਾਨਾਂ ਦੀਆਂ ਫੋਟੋਆਂ ਸ਼ਹਿਰ ਦੇ ਮੇਨ ਚੌਕਾਂ ਜਾਂ ਜਨਤਕ ਥਾਵਾਂ ਤੇ ਬੋਰਡਾਂ 'ਤੇ ਲਾਈਆਂ ਜਾਣਗੀਆਂ। ਡਿਫਾਲਟਰ ਕਿਸਾਨਾਂ ਕੋਲ ਬੈਂਕਾਂ ਦੇ ਨੋਟਿਸ ਪੁੱਜਣੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੂੰ ਪੜ੍ਹ ਕੇ ਕਿਸਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ।
ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ 'ਚ ਡੁੱਬੇ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਤੁਰੀ ਹੋਈ ਹੈ ਤੇ ਉਪਰੋਂ ਹੁਣ ਬੈਂਕਾਂ ਵਲੋਂ ਆਪਣੇ ਡਿਫਾਲਟਰ ਕਰਜ਼ਦਾਰ ਕਿਸਾਨਾਂ ਤੋਂ ਵਸੂਲੀ ਕਰਨ ਲਈ ਉਨ੍ਹਾਂ ਨੂੰ ਜ਼ਲੀਲ ਕਰਨ ਦੇ ਨਵੇਂ-ਨਵੇਂ ਢੰਗ ਅਪਣਾਏ ਜਾ ਰਹੇ ਹਨ, ਜਿਸ ਨਾਲ ਕਿਸਾਨ ਮਾਨਸਿਕ ਤੌਰ 'ਤੇ ਹੋਰ ਪ੍ਰੇਸ਼ਾਨ ਹੋਵੇਗਾ ਤੇ ਉਸ ਕੋਲ ਮਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ।
ਬੈਂਕ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਐਲਾਨ ਕਾਰਨ ਕਿਸਾਨਾਂ ਨੇ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਨਹੀਂ ਕੀਤੀਆਂ, ਜਿਸ ਕਾਰਨ ਰਿਕਵਰੀ ਕੇਵਲ 35 ਤੋਂ 40 ਪ੍ਰਤੀਸ਼ਤ ਹੋਈ ਹੈ ਤੇ ਹੁਣ ਆਰ. ਬੀ. ਆਈ. ਦੇ ਨਿਰਦੇਸ਼ਾਂ ਤਹਿਤ ਰਿਕਵਰੀ ਦੇ ਨੋਟਿਸ ਦਿੱਤੇ ਜਾ ਰਹੇ ਹਨ ਅਤੇ ਬੈਂਕ ਦੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਹੀ ਡਿਫਾਲਟਰ ਕਿਸਾਨਾਂ ਦੀਆਂ ਫੋਟੋਆਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਬੈਂਕ ਦੇ ਅਧਿਕਾਰੀ ਕਿਸਾਨਾਂ ਕੋਲ ਰਿਕਵਰੀ ਲਈ ਜਾਂਦੇ ਹਨ ਤਾਂ ਕੁਝ ਤਾਂ ਕਰਜ਼ਾ ਮੁਆਫ਼ ਹੋਣ ਦਾ ਲਾਰਾ ਲਗਾ ਦਿੰਦੇ ਹਨ ਅਤੇ ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਜ਼ਮੀਨਾਂ ਕਰਜ਼ਾ ਉਤਾਰਨ ਲਈ ਵੇਚਣ 'ਤੇ ਲਗਾ ਦਿੱਤੀਆਂ ਹਨ, ਜਦੋਂ ਜ਼ਮੀਨ ਵਿਕ ਜਾਵੇਗੀ, ਉਹ ਬੈਂਕ ਦਾ ਕਰਜ਼ਾ ਮੋੜ ਦੇਣਗੇ।
ਕੈਪਟਨ ਦੇ ਝੂਠੇ ਵਾਅਦੇ ਕਾਰਨ ਕਿਸਾਨ ਜ਼ਲੀਲ ਹੋਣ ਲੱਗੇ : ਖੀਰਨੀਆਂ
ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਝੂਠਾ ਵਾਅਦਾ ਕਰ ਕੇ ਸੱਤਾ ਤਾਂ ਸੰਭਾਲ ਲਈ ਪਰ ਉਸ ਦਾ ਇਹ ਵਾਅਦਾ ਕਿਸਾਨਾਂ ਨੂੰ ਜ਼ਲੀਲ ਕਰਨ ਦਾ ਕਾਰਨਣ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁਚ ਹੀ ਕਿਸਾਨ ਹਿਤੈਸ਼ੀ ਹੈ ਤਾਂ ਉਹ ਆਪਣਾ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਕਰੇ।
ਕਿਸਾਨਾਂ ਦੀਆਂ ਫੋਟੋਆਂ ਬੈਂਕਾਂ ਦੇ ਬਾਹਰ ਲਾਉਣਾ ਗੈਰ-ਕਾਨੂੰਨੀ : ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਦਾ ਤਾਂ ਪਹਿਲਾਂ ਹੀ ਫਸਲਾਂ ਦੇ ਘੱਟ ਮੁੱਲ ਅਤੇ ਖੇਤੀ ਦੇ ਵੱਧਦੇ ਖਰਚਿਆਂ ਨੇ ਲੱਕ ਤੋੜਿਆ ਪਿਆ ਹੈ, ਜਿਸ ਕਾਰਨ ਉਹ ਕਰਜ਼ੇ ਦੀ ਦਲਦਲ 'ਚ ਧਸੀ ਪਈ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਬਾਹਰ ਡਿਫਾਲਟਰ ਕਿਸਾਨਾਂ ਦੀਆਂ ਫੋਟੋਆਂ ਲਾਉਣਾ ਗੈਰ-ਕਾਨੂੰਨੀ ਹੈ ਅਤੇ ਉਨ੍ਹਾਂ ਦੀ ਯੂਨੀਅਨ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਬੈਂਕ ਮੈਨੇਜਰਾਂ ਖਿਲਾਫ਼ ਪਰਚੇ ਦਰਜ ਕਰਵਾਏਗੀ।
ਛੋਟੇ ਰੂਟਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਮੁਲਾਜ਼ਮ ਤੇ ਬੱਸ ਆਪ੍ਰੇਟਰ ਆਹਮੋ-ਸਾਹਮਣੇ
NEXT STORY