ਬਠਿੰਡਾ, (ਸੁਖਵਿੰਦਰ)- ਮਿੰਨੀ ਬੱਸਾਂ ਦੇ ਨਾਜਾਇਜ਼ ਰੂਟਾਂ ਨੂੰ ਬੰਦ ਕਰਵਾਉਣ ਦਾ ਮਾਮਲਾ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ਮੰਗਲਵਾਰ ਨੂੰ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਰੂਟਾਂ 'ਤੇ ਚਲਦੀਆਂ ਕੁਝ ਬੱਸਾਂ ਨੂੰ ਬੰਦ ਕੀਤਾ ਗਿਆ। ਪ੍ਰਾਈਵੇਟ ਬੱਸਾਂ ਖਿਲਾਫ਼ ਕੀਤੀ ਜਾ ਰਹੀ ਉਕਤ ਕਾਰਵਾਈ ਨੂੰ ਲੈ ਕੇ ਨਿੱਜੀ ਆਪ੍ਰੇਟਰ ਤੇ ਪੀ. ਆਰ. ਟੀ. ਸੀ. ਐਕਸ਼ਨ ਕਮੇਟੀ ਦੇ ਆਗੂ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ। ਇਸ ਤੋਂ ਬਾਅਦ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਸ਼ਾਂਤ ਕਰਵਾਇਆ ਗਿਆ ਪਰ ਪੀ. ਆਰ. ਟੀ. ਸੀ. ਦੇ ਅਧਿਕਾਰੀ ਅਤੇ ਮੁਲਾਜ਼ਮ ਨਾਜਾਇਜ਼ ਰੂਟਾਂ 'ਤੇ ਚਲਦੀਆਂ ਬੱਸਾਂ ਨੂੰ ਬੰਦ ਕਰਵਾਉਣ 'ਤੇ ਅੜੇ ਰਹੇ। ਇਸ ਦੌਰਾਨ ਐਕਸ਼ਨ ਕਮੇਟੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕੇ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਉਕਤ ਬੱਸਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਸਖ਼ਤ ਐਕਸ਼ਨ ਲੈਣਗੇ। ਬੀਤੇ ਕੁਝ ਦਿਨਾਂ ਤੋਂ ਪੀ. ਆਰ. ਟੀ. ਸੀ. ਵੱਲੋਂ ਛੋਟੇ ਰੂਟਾਂ 'ਤੇ ਚਲਦੀਆਂ ਨਾਜਾਇਜ਼ ਬੱਸਾਂ ਦੇ ਪਰਮਿਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਜ਼ਿਆਦਾਤਰ ਪਰਮਿਟਾਂ ਨੂੰ ਨਾਜਾਇਜ਼ ਪਾਇਆ ਗਿਆ, ਜਿਨ੍ਹਾਂ ਨੂੰ ਪ੍ਰਾਈਵੇਟ ਆਪ੍ਰੇਟਰਾਂ ਵੱਲੋਂ ਲੰਮੇ ਸਮੇਂ ਤੋਂ ਰੀਨਿਊ ਨਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ ਆਪ੍ਰੇਟਰਾਂ ਵੱਲੋਂ ਜ਼ਿਆਦਾਤਰ ਬੱਸਾਂ ਨੂੰ ਰੂਟਾਂ ਤੋਂ ਉਲਟ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਬੀਤੇ ਸ਼ਨੀਵਾਰ ਨੂੰ ਵੀ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਵੱਲੋਂ ਨਾਜਾਇਜ਼ ਰੂਟ 'ਤੇ ਚਲਦੀ ਇਕ ਬੱਸ ਨੂੰ ਪੁਲਸ ਹਵਾਲੇ ਕੀਤਾ ਗਿਆ ਸੀ ਪਰ ਬਾਅਦ 'ਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ। ਮੰਗਲਵਾਰ ਸਵੇਰੇ ਉਕਤ ਬੱਸ ਰਾਮਪੁਰਾ ਤੋਂ ਬਠਿੰਡਾ ਵੱਲ ਆ ਰਹੀ ਸੀ। ਇਸ ਦੌਰਾਨ ਜਦੋਂ ਸਰਕਾਰੀ ਬੱਸ ਦੇ ਡਰਾਈਵਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਰਕਾਰੀ ਬੱਸ ਦੇ ਡਰਾਈਵਰ ਨਾਲ ਗਾਲੀ-ਗਲੋਚ ਕੀਤਾ। ਨਾਜਾਇਜ਼ ਰੂਟ 'ਤੇ ਚਲਦੀ ਬੱਸ ਦੇ ਬਠਿੰਡਾ ਬੱਸ ਅੱਡੇ 'ਚ ਦਾਖਲ ਹੋਣ 'ਤੇ ਐਕਸ਼ਨ ਕਮੇਟੀ ਦੇ ਆਗੂਆਂ ਨੇ ਉਕਤ ਬੱਸ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਇਕੱਠੇ ਹੋ ਕੇ ਪੀ. ਆਰ. ਟੀ. ਸੀ.ਮੁਲਾਜ਼ਮਾਂ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਅਤੇ ਆਪਣੇ ਰੂਟਾਂ ਨੂੰ ਜਾਇਜ਼ ਠਹਿਰਾਇਆ।
ਮਾਮਲੇ ਨੂੰ ਵਧਦਾ ਦੇਖ ਕੋਤਵਾਲੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਪੀ. ਆਰ. ਟੀ. ਸੀ. ਕਰਮਚਾਰੀ ਦਲ ਦੇ ਪ੍ਰਧਾਨ ਬਲਤੇਜ ਸਿੰਘ ਨੇ ਦੋਸ਼ ਲਾਇਆ ਕੇ ਪ੍ਰਾਈਵੇਟ ਆਪ੍ਰੇਟਰ ਲੰਮੇ ਸਮੇਂ ਤੋਂ ਨਾਜਾਇਜ਼ ਰੂਟ ਚਲਾ ਕੇ ਪੀ. ਆਰ. ਟੀ. ਸੀ. ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ। ਇਸ ਤੋਂ ਇਲਾਵਾ ਆਏ ਦਿਨ ਸਰਕਾਰੀ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭੁੱਚੋ ਮੰਡੀ, ਗੋਨਿਆਣਾ, ਭਗਤਾ, ਸੰਗਤ ਮੰਡੀ ਨੂੰ ਲਗਭਗ ਸੈਂਕੜੇ ਨਾਜਾਇਜ਼ ਰੂਟ ਚਲਾਏ ਜਾ ਰਹੇ ਹਨ। ਨਾਜਾਇਜ਼ ਰੂਟ 'ਤੇ ਚਲਦੀ ਉਕਤ ਬੱਸ ਅਤੇ ਸਰਕਾਰੀ ਮੁਲਾਜ਼ਮ ਨਾਲ ਗਾਲੀ-ਗਲੋਚ ਕਰਨ ਦੇ ਦੋਸ਼ਾਂ ਤਹਿਤ ਬੱਸ ਅੱਡਾ ਚੌਕੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕੇ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਉਕਤ ਨਾਜਾਇਜ਼ ਰੂਟਾਂ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY