ਟਾਂਡਾ ਉੜਮੁੜ (ਪੰਡਿਤ, ਮੋਮੀ)— ਬਿਆਸ ਦਰਿਆ ਨਜ਼ਦੀਕ ਖੇਤਾਂ ਵਿਚ ਡਿਸਟਿਲਰੀ ਦਾ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਸੁੱਟ ਰਹੇ ਟੈਂਕਰ ਚਾਲਕਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ, ਜਿਸ ਤੋਂ ਬਾਅਦ ਚਾਲਕਾਂ ਦੇ ਨਾਲ-ਨਾਲ ਟੈਂਕਰਾਂ ਦੇ ਮਾਲਕ ਅਤੇ ਸ਼ੂਗਰ ਮਿੱਲ ਏ. ਬੀ. ਸ਼ੂਗਰ ਡਿਸਟਿਲਰੀ ਦਸੂਹਾ ਦੇ ਸਬੰਧਤ ਅਧਿਕਾਰੀ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇ. ਈ. ਧਰਮਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਟੈਂਕਰ ਚਾਲਕਾਂ ਲਖਵੀਰ ਸਿੰਘ ਪੁੱਤਰ ਸ਼ਿਵ ਸਿੰਘ ਨਿਵਾਸੀ ਰਘੁਵਾਲ ਅਤੇ ਕੁਲਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਨਿਵਾਸੀ ਰਘੁਵਾਲ, ਟੈਂਕਰਾਂ ਦੇ ਮਾਲਕ ਜਸਵੀਰ ਸਿੰਘ ਨਿਵਾਸੀ ਗੁਰਦਾਸਪੁਰ ਅਤੇ ਏ. ਬੀ. ਸ਼ੂਗਰ ਡਿਸਟਿਲਰੀ ਦਸੂਹਾ ਦੇ ਸਬੰਧਤ ਅਧਿਕਾਰੀ ਖਿਲਾਫਦਰਜ ਕੀਤਾ ਹੈ।
ਕਦੋਂ ਹੋਈ ਕਾਰਵਾਈ
ਧਰਮਵੀਰ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਦੇਰ ਰਾਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਸੁਖਵੰਤ ਸਿੰਘ ਨੇ ਸਿਵਲ ਪ੍ਰਸ਼ਾਸਨ ਨਾਇਬ ਤਹਿਸੀਲਦਾਰ ਦਸੂਹਾ ਪ੍ਰਦੀਪ ਕੁਮਾਰ ਨੂੰ ਫੋਨ ਕਰਕੇ ਜਾਣੂ ਕਰਵਾਇਆ ਕਿ ਏ. ਬੀ. ਸ਼ੂਗਰ ਡਿਸਟਿਲਰੀ ਲਿਮਟਿਡ ਦਸੂਹਾ 'ਚੋਂ ਨਿਕਲਿਆ ਸਪੇਂਟ ਵਾਸ਼ (ਅਲਕੋਹਲ ਵਿਚੋਂ ਨਿਕਲਿਆ ਗੰਦਾ ਪਾਣੀ) ਉਸ ਦੀ ਸਹੀ ਜਗ੍ਹਾ 'ਤੇ ਖਤਮ ਕਰਨ ਦੀ ਬਜਾਏ ਅਬਦੁੱਲਾਪੁਰ ਜੰਗਲਾਤ ਵਿਭਾਗ ਦੇ ਜੰਗਲ ਨਜ਼ਦੀਕ ਖੇਤਾਂ ਵਿਚ ਟੋਇਆ ਪੁੱਟ ਕੇ ਸੁੱਟਿਆ ਜਾ ਰਿਹਾ ਹੈ, ਜੋ ਵਾਤਾਵਰਣ, ਮਨੁੱਖਾਂ ਅਤੇ ਜੀਵ-ਜੰਤੂਆਂ ਲਈ ਬੇਹੱਦ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਹ ਨਜ਼ਦੀਕ ਵਗਦੇ ਬਿਆਸ ਦਰਿਆ ਵਿਚ ਪੈ ਕੇ ਜੀਵ-ਜੰਤੂਆਂ ਲਈ ਵੀ ਘਾਤਕ ਸਿੱਧ ਹੋ ਸਕਦਾ ਹੈ।
ਸੂਚਨਾ ਦੇ ਆਧਾਰ 'ਤੇ ਜਦੋਂ ਐੱਸ. ਡੀ. ਓ. ਸੁਖਵੰਤ ਸਿੰਘ, ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਪੁਲਸ ਦੀ ਸਪੈਸ਼ਲ ਬ੍ਰਾਂਚ ਟੀਮ ਹੁਸ਼ਿਆਰਪੁਰ ਮੌਕੇ 'ਤੇ ਪਹੁੰਚੀ ਤਾਂ ਉਕਤ ਟੈਂਕਰ ਚਾਲਕਾਂ ਨੂੰ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਸੁੱਟਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਾਤਾਵਰਣ ਅਤੇ ਜੀਵ-ਜੰਤੂਆਂ ਲਈ ਘਾਤਕ ਜ਼ਹਿਰੀਲਾ ਪਾਣੀ ਬਿਨਾਂ ਮਨਜ਼ੂਰੀ ਸੁੱਟਣ ਵਾਲੇ ਟੈਂਕਰ ਚਾਲਕਾਂ ਤੇ ਮਾਲਕ ਦੇ ਨਾਲ-ਨਾਲ ਇਸ ਵੱਡੀ ਅਣਗਹਿਲੀ ਅਤੇ ਲਾਪ੍ਰਵਾਹੀ ਲਈ ਜ਼ਿੰਮੇਵਾਰ ਮਿੱਲ ਦੇ ਸਬੰਧਤ ਅਧਿਕਾਰੀ ਖਿਲਾਫ਼ ਵੀ ਸ਼ਿਕਾਇਤ ਦੇਣ ਉਪਰੰਤ ਬੀਤੀ ਦੇਰ ਰਾਤ ਟਾਂਡਾ ਪੁਲਸ ਨੇ ਮਾਮਲਾ ਦਰਜ ਕਰ ਕੇ ਅਤੇ ਟੈਂਕਰਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਮਨਿੰਦਰ ਕੌਰ ਮਾਮਲੇ ਦੀ ਤਫਤੀਸ਼ ਕਰ ਰਹੇ ਹਨ।
ਦਿਵਿਆਂਗ ਵੋਟਰਾਂ ਲਈ ਵ੍ਹੀਲਚੇਅਰ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼
NEXT STORY