ਜਲੰਧਰ (ਵਰੁਣ)— ਬਸਤੀ ਦਾਨਿਸ਼ਮੰਦਾਂ ਅਤੇ ਵਰਕਸ਼ਾਪ ਚੌਕ 'ਚ 2 ਵੱਖ-ਵੱਖ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਣ ਉਪਰੰਤ ਉਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਫਤਿਹ ਗੈਂਗ 'ਤੇ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। 'ਜਗ ਬਾਣੀ' 'ਚ ਖਬਰ ਛਪਣ ਉਪਰੰਤ ਹਰਕਤ 'ਚ ਆਈ ਪੁਲਸ ਨੇ ਕੇਸ ਦਰਜ ਕਰਨ ਉਪਰੰਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਕੀਤੀ ਪਰ ਉਹ ਘਰਾਂ 'ਚੋਂ ਫਰਾਰ ਸਨ। ਦੱਸਿਆ ਜਾ ਰਿਹਾ ਹੈ ਕਿ ਫਤਿਹ ਗੈਂਗ ਦੇ ਸਿਰ 'ਤੇ ਇਕ ਸਿਆਸਤਦਾਨ ਦੇ ਨਜ਼ਦੀਕੀ ਅਤੇ ਪੁਲਸ ਦੇ ਮੁਖਬਰ ਦਾ ਹੱਥ ਹੋਣ ਕਾਰਣ ਇਸ ਵਾਰ ਵੀ ਉਸ ਦੀ ਗ੍ਰਿਫ਼ਤਾਰੀ ਨਾ ਹੋਣੀ ਚਰਚਾ 'ਚ ਆ ਸਕਦੀ ਹੈ ਕਿਉਂਕਿ ਫਤਿਹ ਗੈਂਗ 'ਤੇ ਪਹਿਲਾਂ ਵੀ ਕੇਸ ਦਰਜ ਹਨ ਪਰ ਅੱਜ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
'ਜਗ ਬਾਣੀ' ਵਿਚ ਖ਼ਬਰ ਛਪਣ ਉਪਰੰਤ ਜਲੰਧਰ ਪੁਲਸ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਅਮਨਦੀਪ ਸਿੰਘ ਅਮਨਾ ਪੁੱਤਰ ਤਰਸੇਮ ਲਾਲ, ਫਤਿਹ ਉਰਫ ਗਿਆਨੀ ਸਮੇਤ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਥਾਣਾ ਨੰਬਰ 2 ਵਿਚ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਬਿੱਲਾ ਅਤੇ ਕਿਸ਼ਨ ਉਰਫ ਮੋਟਾ ਨਾਲ ਕੁੱਟਮਾਰ ਉਪਰੰਤ ਵੀਡੀਓ ਵਾਇਰਲ ਕੀਤਾ ਸੀ। ਵੀਡੀਓ ਵਿਚ ਕਿਸ਼ਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ, ਜਿਸ ਉਪਰੰਤ ਪੁਲਸ ਨੇ ਫਤਿਹ, ਅਮਨਦੀਪ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਆਈ. ਟੀ. ਐਕਟ ਸਮੇਤ ਕੁੱਟਮਾਰ ਦਾ ਕੇਸ ਦਰਜ ਕਰ ਲਿਆ। ਫਿਲਹਾਲ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਵੀ ਫਤਿਹ ਗੈਂਗ ਖ਼ਿਲਾਫ਼ ਕੇਸ ਦਰਜ ਹੋ ਚੁੱਕੇ ਹਨ, ਜਿਨ੍ਹਾਂ 'ਚ ਉਹ ਸ਼ਰੇਆਮ ਗੁੰਡਾਗਰਦੀ ਕਰਦਾ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਚੁੱਕਾ ਹੈ ਪਰ ਫਿਰ ਵੀ ਉਹ ਪੁਲਸ ਦੇ ਹੱਥ ਨਹੀਂ ਆਇਆ।
ਫਤਿਹ 'ਤੇ ਵੀ ਕੀਤਾ ਗਿਆ ਸੀ ਹਮਲਾ
ਪੁਲਸ ਕਮਿਸ਼ਨਰ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਦੱਸਿਆ ਗਿਆ 2 ਵੀਡੀਓਜ਼ ਤੋਂ ਇਲਾਵਾ ਵੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਫਤਿਹ ਉਰਫ ਗਿਆਨੀ 'ਤੇ ਵੀ ਹਮਲਾ ਕੀਤਾ ਗਿਆ ਸੀ। ਹਮਲਾ ਕਰਨ ਵਾਲਿਆਂ ਵਿਚ ਗੌਰਵ, ਤੇਗਵੀਰ ਸਿੰਘ, ਤੋਤਾ, ਪਾਰਸ, ਸੂਰਜ ਅਤੇ ਚੱਟੂ ਨੇ ਬਸਤੀ ਬਾਵਾ ਖੇਲ ਇਲਾਕੇ 'ਚ ਫਤਿਹ ਅਤੇ ਅਮਨਾ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਉਸ ਦੀ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ। ਥਾਣਾ ਬਸਤੀ ਬਾਵਾ ਖੇਲ ਵਿਚ ਉਕਤ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 17 ਸਾਲ ਦੀ ਕੁੜੀ ਅਗਵਾ, ਸਦਮੇ 'ਚ ਪਰਿਵਾਰ
NEXT STORY