ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸੂਬੇ 'ਚ 10 ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮਾਛੀਵਾੜਾ ਇਲਾਕੇ ਵਿਚ ਠੰਡ ਕਾਰਨ ਅਣਪਛਾਤੇ ਭਿਖਾਰੀ ਦੀ ਮੌਤ ਹੋ ਗਈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਹਿਜੋ ਮਾਜਰਾ ਤੋਂ ਪਵਾਤ ਪੁਲ ਨੂੰ ਜਾਂਦੀ ਸੜਕ ’ਤੇ ਇਕ ਵਿਅਕਤੀ ਮ੍ਰਿਤਕ ਹਾਲਤ ਵਿਚ ਪਿਆ ਹੈ, ਜਿਸ ’ਤੇ ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ।
ਇਸ ਵਿਅਕਤੀ ਦੇ ਕੱਪੜਿਆਂ ’ਚੋਂ ਇਹੋ ਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ, ਜਿਸ ਤੋਂ ਉਸ ਦੀ ਪਛਾਣ ਹੋ ਸਕੇ। ਥਾਣਾ ਮੁਖੀ ਨੇ ਦੱਸਿਆ ਕਿ ਇਹ ਮ੍ਰਿਤਕ ਵਿਅਕਤੀ ਭਿਖਾਰੀ ਲੱਗਦਾ ਸੀ, ਜਿਸ ਦੀ ਜੇਬ ’ਚੋਂ ਕਾਫ਼ੀ ਮਾਤਰਾ ਵਿਚ ਸਿੱਕੇ ਮਿਲੇ ਹਨ ਅਤੇ ਇਸ ਨੇ ਕਾਫ਼ੀ ਪੁਰਾਣੇ ਕੱਪੜੇ ਪਾਏ ਹੋਏ ਸਨ। ਮੁੱਢਲੀ ਜਾਂਚ ਦੌਰਾਨ ਇਹ ਲੱਗ ਰਿਹਾ ਹੈ ਕਿ ਉਸ ਦੀ ਮੌਤ ਠੰਡ ਕਾਰਨ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਪਛਾਣ ਲਈ ਮੋਰਚਰੀ ਵਿਚ ਰੱਖਵਾ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾਉਣ ਉਪਰੰਤ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
IND vs AFG 1st T20 : ਮੋਹਾਲੀ ਸਟੇਡੀਅਮ 'ਚ ਮੈਚ ਭਲਕੇ, ਪੁਲਸ ਨੇ ਕੀਤੇ ਪੁਖਤਾ ਪ੍ਰਬੰਧ
NEXT STORY