ਰੂਪਨਗਰ, (ਵਿਜੇ)- ਹਰਬਲ ਪੌਦਿਆਂ ਲਈ ਜਾਣੇ ਜਾਂਦੇ ਨੇਚਰ ਟਰੇਲ ਬਾਗ ਸਦਾਵਰਤ ਦੀ ਬਦਤਰ ਹੋ ਚੁੱਕੀ ਹਾਲਤ ਵੱਲ ਨਾ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਸਬੰਧਤ ਵਿਭਾਗ ਬਾਗ ਦੀ ਦਸ਼ਾ ਸੁਧਾਰਨ ਹਿੱਤ ਕਾਰਜਸ਼ੀਲ ਹੈ।
ਸਤਲੁਜ ਦਰਿਆ ਦੇ ਨਜ਼ਦੀਕ ਲੱਗਦੇ ਉਕਤ ਪਾਰਕ ਵਿਚ ਵੱਖ-ਵੱਖ ਤਰ੍ਹਾਂ ਦੇ ਦਵਾਈ ਭਰਪੂਰ ਪੌਦੇ ਲਾਏ ਗਏ ਸਨ ਅਤੇ ਇਸ ਨੂੰ ਕੁਦਰਤੀ ਦਿੱਖ ਦੇਣ ਦਾ ਪੂਰਾ ਯਤਨ ਕੀਤਾ ਗਿਆ, ਜਿਸ ਵਿਚ ਬਨਾਉਟੀ ਤਲਾਬ, ਬੈਠਣ ਲਈ ਹੱਟ ਤੇ ਪਸ਼ੂ-ਪੰਛੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖ ਕੇ ਉਕਤ ਬਾਗ ਨੂੰ ਤਿਆਰ ਕੀਤਾ ਗਿਆ ਪਰ ਬੀਤੇ ਲੰਬੇ ਸਮੇਂ ਤੋਂ ਇਹ ਸੁੰਦਰ ਪਾਰਕ ਜੰਗਲੀ ਰਕਬੇ ਵਿਚ ਤਬਦੀਲ ਹੋ ਚੁੱਕਾ ਹੈ। 'ਜਗ ਬਾਣੀ' ਦੀ ਟੀਮ ਨੇ ਜਦੋਂ ਪਾਰਕ ਦਾ ਦੌਰਾ ਕੀਤਾ ਤਾਂ ਅੰਦਰ ਬਣਾਇਆ ਗਿਆ ਤਲਾਬ ਸੁੱਕਾ ਪਿਆ ਸੀ, ਹੱਟ ਖਰਾਬ ਹੋ ਚੁੱਕੀ ਸੀ, ਬਾਥਰੂਮ ਬੰਦ ਪਏ ਸਨ ਅਤੇ ਉਪਰ ਰੱਖੀ ਟੰਕੀ ਗਾਇਬ ਹੋ ਚੁੱਕੀ ਸੀ, ਜਦੋਂਕਿ ਮੌਕੇ 'ਤੇ ਪਾਰਕ ਦੀ ਦੇਖ-ਰੇਖ ਲਈ ਕੋਈ ਸਟਾਫ ਜਾਂ ਮੁਲਾਜ਼ਮ ਦਿਖਾਈ ਨਹੀਂ ਦਿੱਤਾ। ਬਾਗ ਅੰਦਰ ਗੰਦਗੀ ਦੀ ਭਰਮਾਰ ਸੀ ਅਤੇ ਕੁਝ ਹਰਬਲ ਪੌਦਿਆਂ ਦੀ ਥਾਂ ਪੱਥਰ ਜ਼ਰੂਰ ਦਿਖਾਈ ਦਿੱਤੇ ਪਰ ਸਬੰਧਤ ਪੌਦੇ ਹੁਣ ਉਥੇ ਨਹੀਂ ਹਨ। ਕਈ ਥਾਵਾਂ 'ਤੇ ਦਰੱਖਤ ਇਧਰ-ਉਧਰ ਡਿੱਗੇ ਹੋਏ ਸਨ।
ਫੰਡ ਜਾਰੀ ਹੋਣ 'ਤੇ ਹੀ ਹੋਵੇਗਾ ਪਾਰਕ ਦਾ ਵਿਕਾਸ : ਰੇਂਜ ਅਧਿਕਾਰੀ
ਇਸ ਸਬੰਧ ਵਿਚ ਵਣ ਵਿਭਾਗ ਦੇ ਰੇਂਜ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਉਕਤ ਪ੍ਰਾਜੈਕਟ ਭਲੇ ਹੀ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਬਾਅਦ ਵਿਚ ਪਾਰਕ ਦੀ ਦੇਖ-ਰੇਖ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਫੰਡ ਜਾਰੀ ਨਹੀਂ ਕੀਤਾ ਗਿਆ। ਜੇਕਰ ਸਰਕਾਰ ਉਨ੍ਹਾਂ ਨੂੰ ਫੰਡ ਜਾਰੀ ਕਰਦੀ ਹੈ ਤਾਂ ਉਕਤ ਪਾਰਕ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।
ਡੇਰਾ ਪ੍ਰੇਮੀ ਦੇ ਘਰ 'ਚ ਲੱਗੀ ਅੱਗ, ਪਰਿਵਾਰ ਨੇ ਕੋਠੇ 'ਤੇ ਚੜ੍ਹ ਕੇ ਬਚਾਈ ਜਾਨ
NEXT STORY