ਮਾਛੀਵਾੜਾ ਸਾਹਿਬ (ਟੱਕਰ) : ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਰਿਸ਼ਤੇਦਾਰ ਅਤੇ ਦੋਸਤ ਬਣ ਲੋਕਾਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਮਾਛੀਵਾੜਾ ਇਲਾਕੇ ਦੇ ਇਕ ਵਿਅਕਤੀ ਨਾਲ ਬੈਲਜੀਅਮ ਤੋਂ ਰਿਸ਼ਤੇਦਾਰ ਆਖ ਕੇ 4 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਫਤਹਿਗੜ੍ਹ ਬੇਟ ਦੇ ਵਾਸੀ ਬਚਿੱਤਰ ਸਿੰਘ ਨੂੰ ਫੋਨ ਆਇਆ ਕਿ ਬੈਲਜੀਅਮ ਤੋਂ ਉਸਦਾ ਰਿਸ਼ਤੇਦਾਰ ਬੋਲ ਰਿਹਾ ਹਾਂ ਅਤੇ ਕੁਝ ਸਮਾਂ ਹਾਲਚਾਲ ਪੁੱਛਣ ਤੋਂ ਬਾਅਦ ਰਿਸ਼ਤੇਦਾਰ ਬਣੇ ਠੱਗ ਨੇ ਕਿਹਾ ਕਿ ਉਹ 15 ਲੱਖ 80 ਹਜ਼ਾਰ ਰੁਪਏ ਉਸਦੇ ਖਾਤੇ ਵਿਚ ਪਾ ਰਿਹਾ ਹੈ ਅਤੇ ਜਦੋਂ 2 ਮਹੀਨੇ ਬਾਅਦ ਵਿਦੇਸ਼ ਤੋਂ ਵਾਪਸ ਆਵੇਗਾ ਉਸ ਤੋਂ ਲੈ ਲਵੇਗਾ। ਰਿਸ਼ਤੇਦਾਰ ਠੱਗ ਨੇ ਬਚਿੱਤਰ ਸਿੰਘ ਨੂੰ ਵਿਸ਼ਵਾਸ ’ਚ ਲੈਣ ਲਈ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਦੇ ਅਕਾਊਂਟ ਵਿਚ ਇਸ ਕਰਕੇ ਨਹੀਂ ਪਾ ਰਿਹਾ ਕਿਉਂਕਿ ਉਹ ਖਰਚ ਦੇਣਗੇ। ਵਿਦੇਸ਼ ਵਿਚ ਬੈਠੇ ਰਿਸ਼ਤੇਦਾਰ ਠੱਗ ਨੇ ਬਚਿੱਤਰ ਸਿੰਘ ਨੂੰ ਉਸਦੇ ਅਕਾਊਂਟ ਵਿਚ ਭੇਜੀ 15 ਲੱਖ ਰੁਪਏ ਬੈਂਕ ਦੀ ਜਾਅਲੀ ਰਸੀਦ ਵੀ ਭੇਜ ਦਿੱਤੀ। ਕੁਝ ਹੀ ਘੰਟਿਆਂ ਬਾਅਦ ਫਿਰ ਵਿਦੇਸ਼ ਤੋਂ ਠੱਗ ਦਾ ਫੋਨ ਆਇਆ ਕਿ ਉਸਦੇ ਇਕ ਦੋਸਤ ਦੀ ਮਾਂ ਸਖਤ ਬੀਮਾਰ ਹੈ ਉਹ ਮੇਰੇ ਪੈਸਿਆਂ ’ਚੋਂ ਡੇਢ ਲੱਖ ਰੁਪਏ ਦੱਸੇ ਗਏ ਖਾਤਾ ਨੰਬਰ ਵਿਚ ਪਾ ਦੇਵੇ, ਇੱਥੋਂ ਤੱਕ ਉਸਨੇ ਆਪਣੇ ਦੋਸਤ ਦੀ ਹਸਪਤਾਲ ਵਿਚ ਬੀਮਾਰ ਪਈ ਮਾਂ ਦੀ ਫੋਟੋ ਵੀ ਭੇਜ ਦਿੱਤੀ।
ਬਚਿੱਤਰ ਸਿੰਘ ਨੇ ਠੱਗ ਬਣੇ ਰਿਸ਼ਤੇਦਾਰ ਵਲੋਂ ਭੇਜੇ 15 ਲੱਖ 80 ਹਜ਼ਾਰ ਰੁਪਏ ਦੇ ਝਾਂਸੇ ਵਿਚ ਆ ਕੇ ਡੇਢ ਲੱਖ ਰੁਪਏ ਪਾ ਦਿੱਤੇ। ਫਿਰ ਦੂਸਰੇ ਦਿਨ ਵਿਦੇਸ਼ੀ ਠੱਗ ਦਾ ਫੋਨ ਆਇਆ ਕਿ ਢਾਈ ਲੱਖ ਹੋਰ ਇਸ ਅਕਾਊਂਟ ਵਿਚ ਪਾ ਦੇਵੇ ਕਿਉਂਕਿ ਬੀਮਾਰੀ ਕਾਰਨ ਹੋਰ ਪੈਸਿਆਂ ਦੀ ਲੋੜ ਪੈ ਗਈ ਹੈ ਜਿਸ ’ਤੇ ਉਸਨੇ ਹੋਰ ਪੈਸੇ ਵੀ ਠੱਗ ਵਲੋਂ ਦੱਸੇ ਖਾਤੇ ਵਿਚ ਪਾ ਦਿੱਤੇ। ਬਚਿੱਤਰ ਸਿੰਘ ਨੇ ਜਦੋਂ 4 ਲੱਖ ਰੁਪਏ ਠੱਗ ਰਿਸ਼ਤੇਦਾਰ ਵਲੋਂ ਦੱਸੇ ਖਾਤੇ ਵਿਚ ਪਾਉਣ ਤੋਂ ਬਾਅਦ ਉਸਨੂੰ ਕੁਝ ਅਹਿਸਾਸ ਹੋਣ ਲੱਗ ਪਿਆ ਕਿ ਕਿਤੇ ਉਸ ਨਾਲ ਠੱਗੀ ਤਾਂ ਨਹੀਂ ਵੱਜ ਰਹੀ ਜਿਸ ’ਤੇ ਉਹ ਤੁਰੰਤ ਬੈਂਕ ’ਚ ਗਿਆ ਉੱਥੇ ਜਾ ਕੇ ਉਸਨੇ 15 ਲੱਖ 80 ਹਜ਼ਾਰ ਰੁਪਏ ਖਾਤੇ ’ਚ ਆਉਣ ਦੀ ਰਸੀਦ ਦਿਖਾਈ ਉਹ ਜਾਅਲੀ ਨਿਕਲੀ। ਵਿਦੇਸ਼ੀ ਨੰਬਰ ਤੋਂ ਫੋਨ ਕਰ ਠੱਗੀਆਂ ਮਾਰਨ ਦੀਆਂ ਖ਼ਬਰਾਂ ਅਕਸਰ ਸੁਰਖ਼ੀਆਂ ’ਚ ਛਾਈਆਂ ਰਹਿੰਦੀਆਂ ਹਨ ਪਰ ਉਸ ਤੋਂ ਬਾਅਦ ਕਈ ਭੋਲੇ-ਭਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਠੱਗੀ ਦਾ ਸ਼ਿਕਾਰ ਹੋਏ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਪੁਲਸ ਜ਼ਿਲਾ ਖੰਨਾ ਦੇ ਐੱਸਐੱਸਪੀ ਕੋਲ ਸ਼ਿਕਾਇਤ ਦਰਜ ਕਰਵਾਏਗਾ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ।
ਠੱਗਾਂ ਦਾ ਬੈਂਕ ਖਾਤਾ ਨੇਪਾਲ ਬਾਰਡਰ ਦੇ ਨਾਲ ਇਕ ਛੋਟੇ ਜਿਹੇ ਪਿੰਡ ਵਿਚ
ਠੱਗੀ ਦਾ ਸ਼ਿਕਾਰ ਹੋਏ ਬਚਿੱਤਰ ਸਿੰਘ ਵਲੋਂ ਜੋ ਵਿਦੇਸ਼ੀ ਠੱਗ ਰਿਸ਼ਤੇਦਾਰ ਦੇ ਕਹਿਣ ’ਤੇ ਜੋ 4 ਲੱਖ ਰੁਪਏ ਜਮ੍ਹਾਂ ਕਰਵਾਏ ਉਹ ਨੇਪਾਲ ਬਾਰਡਰ ਦੇ ਬਿਲਕੁਲ ਨਾਲ ਭਾਰਤ ਵਿਚ ਹੀ ਪੈਂਦੇ ਇਕ ਛੋਟੇ ਜਿਹੇ ਪਿੰਡ ’ਚ ਖੁੱਲ੍ਹੇ ਬੈਂਕ ਦਾ ਹੈ। ਠੱਗਾਂ ਵਲੋਂ 4 ਲੱਖ ਰੁਪਏ ਦੀ ਰਾਸ਼ੀ ਵੀ ਤੁਰੰਤ ਕਢਵਾ ਲਈ ਗਈ। ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਇਹ ਵੱਡਾ ਗਿਰੋਹ ਹੈ ਜਿਸ ਲਈ ਪੁਲਸ ਦੇ ਸਾਈਬਰ ਕ੍ਰਾਈਮ ਵਿਭਾਗ ਨੂੰ ਬਾਰੀਕੀ ਨਾਲ ਜਾਂਚ ਕਰ ਗਿਰੋਹ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਲੋਕ ਠੱਗੀ ਤੋਂ ਬਚ ਸਕਣ।
ਐੱਨ.ਆਈ.ਏ. ਦੇ ਮੁਖੀ ਬਣਨ ਵਾਲੇ ਪੰਜਾਬ ਦੇ ਪਹਿਲੇ ਅਧਿਕਾਰੀ ਬਣੇ ਦਿਨਕਰ ਗੁਪਤਾ
NEXT STORY