ਚੰਡੀਗੜ੍ਹ : ਕਾਂਗਰਸੀ ਆਗੂਆਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਿਆਸੀ ਬਦਲਾਖੋਰੀ ਦਿਖਾਉਣ ਮਗਰੋਂ ਪੰਜਾਬ ਪੁਲਸ ਦੇ ਮੁਖੀ ਦੇ ਅਹੁਦੇ ਤੋਂ ਬਿਨਾਂ ਰਸਮੀ ਤੌਰ 'ਤੇ ਹਟਾਏ ਗਏ ਪੰਜਾਬ-ਕੇਡਰ ਦੇ ਆਈ.ਪੀ.ਐੱਸ ਅਧਿਕਾਰੀ ਦਿਨਕਰ ਗੁਪਤਾ ਅੱਜ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਮੁਖੀ ਬਣਨ ਵਾਲੇ ਸੂਬੇ ਦੇ ਪਹਿਲੇ ਅਧਿਕਾਰੀ ਬਣ ਗਏ ਹਨ। ਦਿਨਕਰ ਗੁਪਤਾ ਪੰਜਾਬ 'ਚ ਖੁਫ਼ੀਆ-ਅਧਾਰਤ ਕਾਰਵਾਈਆਂ ਕਰਨ ਲਈ ਜਾਣੇ ਜਾਂਦੇ ਹਨ। ਉਹ 50 ਤੋਂ ਵੱਧ ਅੱਤਵਾਦੀ ਮਾਡਿਊਲਾਂ ਦੇ ਪਰਦਾਫਾਸ਼ ਕਰਨ ਲਈ ਤਕਨਾਲੋਜੀ ਆਧਾਰਿਤ ਆਪ੍ਰੇਰਸ਼ਨਾਂ ਦੀ ਅਗਵਾਈ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਅਤੇ ਖ਼ਤਮ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਸਿਆਸੀ ਕਾਰਨਾਂ ਕਰਕੇ ਗੁਪਤਾ ਪੰਜਾਬ ਤੋਂ ਪਿੱਛੇ ਹੋ ਗਏ ਸੀ। ਇਸ ਵੇਲੇ ਗੁਪਤਾ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਮੁਖੀ ਹਨ, ਜੋ ਕਿ ਬਹੁਤਾ ਸਰਗਰਮ ਅਹੁਦਾ ਨਹੀਂ ਹੈ। ਉਨ੍ਹਾਂ ਨੇ ਕਈ ਆਈ.ਪੀ.ਐੱਸ ਅਫ਼ਸਰਾਂ ਨੂੰ ਪਿੱਛੇ ਛੱਡ ਕੇ ਡੀ.ਜੀ.ਪੀ ਦਾ ਅਹੁਦਾ ਹਾਸਲ ਕੀਤਾ ਸੀ ਅਤੇ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਚੁਣਿਆ ਸੀ।
ਇਹ ਵੀ ਪੜ੍ਹੋ- 'ਅਗਨੀਪਥ ਯੋਜਨਾ' ਵਿਰੋਧ ਕਿਸਾਨ ਜਥੇਬੰਦੀਆਂ ਨੇ ਐੱਸ.ਡੀ.ਐੱਮ ਦਫ਼ਤਰ ਵਿਖੇ ਦਿੱਤਾ ਧਰਨਾ
ਗੁਪਤਾ ਨੇ ਫਰਵਰੀ 2019 ਤੋਂ ਅਕਤੂਬਰ 2021 ਤੱਕ ਪੰਜਾਬ ਦੇ ਡੀ.ਜੀ.ਪੀ ਵਜੋਂ ਸੇਵਾ ਨਿਭਾਈ ਹੈ। ਮੁਖੀ ਬਣਨ ਤੋਂ ਪਹਿਲਾਂ ਗੁਪਤਾ ਡੀ.ਜੀ.ਪੀ, ਇੰਟੈਲੀਜੈਂਸ, ਪੰਜਾਬ ਵਜੋਂ ਤਾਇਨਾਤ ਰਹੇ ,ਜਿਸ ਵਿਚ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ ਅਤੇ ਪੰਜਾਬ ਅੱਤਵਾਦ ਵਿਰੋਧੀ ਦਸਤੇ ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਦੀ ਸਿੱਧੀ ਨਿਗਰਾਨੀ ਤਹਿਤ ਆਉਂਦਾ ਹੈ। ਉਨ੍ਹਾਂ ਨੇ ਜੂਨ 2004 ਤੋਂ ਜੁਲਾਈ 2012 ਤੱਕ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡੈਪੂਟੇਸ਼ਨ ਦੇ ਤੌਰ ’ਤੇ ਲਗਭਗ ਅੱਠ ਸਾਲ ਸੇਵਾਵਾਂ ਨਿਭਾਈਆਂ। ਜਿਸ ਵਿਚ ਉਸਨੇ ਗ੍ਰਹਿ ਮੰਤਰਾਲੇ ਦੇ ਡਿਗਨੇਟਰੀ ਪ੍ਰੋਟੈਕਸ਼ਨ ਡਿਵੀਜ਼ਨ ਦੀ ਅਗਵਾਈ ਕਰਨ ਵਰਗੀਆਂ ਕਈ ਸੰਵੇਦਨਸ਼ੀਲ ਜ਼ਿੰਮੇਵਾਰੀਆਂ ਨਿਭਾਈਆਂ। ਇਸ ਤੋਂ ਇਲਾਵਾ ਗੁਪਤਾ ਨੇ 2004 ਤੱਕ ਡੀ.ਆਈ.ਜੀ (ਜਲੰਧਰ ਰੇਂਜ), ਡੀ.ਆਈ.ਜੀ (ਲੁਧਿਆਣਾ ਰੇਂਜ), ਡੀ.ਆਈ.ਜੀ (ਕਾਊਂਟਰ-ਇੰਟੈਲੀਜੈਂਸ), ਪੰਜਾਬ ਅਤੇ ਡੀ.ਆਈ.ਜੀ (ਇੰਟੈਲੀਜੈਂਸ) ਪੰਜਾਬ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ- ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗ੍ਰਿਫ਼ਤਾਰ
ਉਨ੍ਹਾਂ ਨੂੰ ਬੇਮਿਸਾਲ ਸਾਹਸ, ਸ਼ਾਨਦਾਰ ਬਹਾਦਰੀ ਅਤੇ ਉੱਚ ਪੱਧਰ ਦੀ ਡਿਊਟੀ ਪ੍ਰਤੀ ਸਮਰਪਣ ਦੇ ਪ੍ਰਦਰਸ਼ਨ ਲਈ ਪੰਜਾਬ ਮੈਡਲ (1992) ਅਤੇ ਬਾਰ ਟੂ ਪੁਲਸ ਮੈਡਲ (1994) ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੁਪਤਾ ਨੂੰ ਰਾਸ਼ਟਰਪਤੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਪੁਲਸ ਮੈਡਲ ਅਤੇ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ (ਅਮਰੀਕਾ), ਅਤੇ ਅਮਰੀਕਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ ਵਿਚ ਵਿਜ਼ਿਟਿੰਗ ਪ੍ਰੋਫੈਸਰ (2000-01) ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ ,ਕੁਮੈਂਟ ਕਰਕੇ ਦਿਓ ਜਵਾਬ।
ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਹੰਗਾਮਾ, ਕਾਨੂੰਨ-ਵਿਵਸਥਾ ’ਤੇ ਬਹਿਸ ਦੀ ਕੀਤੀ ਮੰਗ
NEXT STORY