ਸੰਗਰੂਰ (ਰਾਜੇਸ਼ ਕੋਹਲੀ) : 'ਬੇਟੀ ਬਚਾਓ ਬੇਟੀ ਪੜ੍ਹਾਓ' ਅਭਿਆਨ ਤਹਿਤ ਧੀਆਂ ਨੂੰ ਅੱਗੇ ਵਧਾਉਣ ਲਈ ਸੰਗਰੂਰ ਪ੍ਰਸ਼ਾਸਨ ਵਲੋਂ ਅਨੌਖਾ ਉਪਰਾਲਾ ਕੀਤਾ ਗਿਆ ਹੈ। ਕੁੜੀਆਂ ਨੂੰ ਜ਼ਿੰਦਗੀ 'ਚ ਕੁਝ ਕਰ ਗੁਜ਼ਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਮਕਸਦ ਦੀ ਪੂਰਤੀ ਲਈ ਸੰਗਰੂਰ 'ਚ ਚੰਡੀਗੜ੍ਹ-ਬਠਿੰਡਾ ਰਾਜ ਮਾਰਗ ਦੇ ਬਢਰੁੱਖਾ ਓਵਰਬ੍ਰਿਜ 'ਤੇ ਇਕ ਬਾ-ਕਮਾਲ ਪੇਟਿੰਗ ਬਣਾਈ ਗਈ ਹੈ, ਜਿਸ 'ਚ ਭਾਰਤ ਦੀਆਂ ਉਨ੍ਹਾਂ ਕੁੜੀਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੇ ਪੂਰੀ ਦੁਨੀਆਂ 'ਚ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਪਾਕਿਸਤਾਨ ਦੀ ਧੀ ਮਲਾਲਾ ਯੂਸੁਫਜਈ ਦੀ ਤਸਵੀਰ ਵੀ ਸ਼ਾਮਲ ਕੀਤੀ ਗਈ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਮਲਾਲਾ ਨੇ ਬਹੁਤ ਛੋਟੀ ਉਮਰ 'ਚ ਅੱਤਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਤੇ ਤਾਲੀਬਾਨੀ ਅੱਤਵਾਦੀਆਂ ਵਲੋਂ ਹਮਲੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਲੋਕਾਂ ਨੂੰ ਧੀਆਂ ਨੂੰ ਪੜ੍ਹਾਉਣ ਪ੍ਰਤੀ ਜਾਗਰੂਕ ਕੀਤਾ, ਜਿਸ ਕਾਰਨ ਮਲਾਲਾ ਦਾ ਬੁਲੰਦ ਹੌਂਸਲਾ ਹੋਰਨਾਂ ਧੀਆਂ ਲਈ ਮੁਸ਼ਕਲਾਂ ਤੋਂ ਨਾ ਘਬਰਾਉਂਦੇ ਹੋਏ ਆਪਣੇ ਸੁਪਨੇ ਪੂਰੇ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਵਿਦਿਆਰਥਣਾਂ ਦਾ ਕਹਿਣਾ ਹੈ ਕਿ ਕਲਪਨਾ ਚਾਵਲਾ ਤੇ ਮਲਾਲਾ ਯੂਸੁਫਜਈ ਦੇ ਜੀਵਨ ਤੋਂ ਉਨ੍ਹਾਂ ਨੂੰ ਜਿੰਦਗੀ 'ਚ ਮਿਹਨਤ ਕਰਕੇ ਆਪਣੇ ਸੁਪਨੇ ਪੂਰੇ ਕਰਨ ਦੀ ਪ੍ਰੇਰਨਾ ਮਿਲੀ ਹੈ। ਜ਼ਿਕਰਯੋਗ ਹੈ ਕਿ ਇਹ ਪੇਟਿੰਗ ਧੂਰੀ ਦੇ ਪਿੰਡ ਪੇਧਨੀ ਕਲਾਂ ਦੇ ਕਲਾਕਾਰ ਜਸਵੀਰ ਸਿੰਘ ਵਲੋਂ ਤਿਆਰ ਕੀਤੀ ਜਾ ਰਹੀ ਹੈ। ਜਸਵੀਰ ਨੇ ਦੱਸਿਆ ਕਿ ਉਹ ਪੰਜਾਬ ਦੇ ਹੋਰ ਜ਼ਿਲਿਆਂ 'ਚ ਵੀ ਅਜਿਹੀਆਂ ਪੇਟਿੰਗਜ਼ ਬਣਾ ਚੁੱਕੇ ਹਨ। ਪ੍ਰਸ਼ਾਸਨ ਦਾ ਇਹ ਉਪਰਾਲਾ ਸੱਚਮੁੱਚ ਕਾਬਿਲ-ਏ-ਤਾਰੀਫ ਹੈ, ਜੋ ਸਰਹੱਦਾਂ ਤੋਂ ਉੱਤੇ ਉਠ ਕੇ ਲੜਕੀਆਂ ਨੂੰ ਜ਼ਿੰਦਗੀ 'ਚ ਅੱਗੇ ਵੱਧਣ ਦੀ ਪ੍ਰੇਰਨਾ ਦੇ ਰਹੇ ਹਨ।
ਪੰਚਾਇਤ ਪ੍ਰਣਾਲੀ ਨੂੰ ਤਬਾਹ ਕਰ ਰਹੇ ਸੱਤਾਧਾਰੀ ਤੇ ਭ੍ਰਿਸ਼ਟ ਅਫਸਰ : 'ਆਪ'
NEXT STORY